Canada ਦੇ ਤਿੰਨ ਸਿੱਖ ਸੰਸਦ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ: SGPC ਪ੍ਰਧਾਨ ਵੱਲੋਂ ਸਵਾਗਤ
ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਕੈਨੇਡਾ ਤੋਂ ਆਏ ਉੱਚ ਪੱਧਰੀ ਸਿੱਖ ਵਫ਼ਦ ਨੇ ਦਰਸ਼ਨ-ਦੀਦਾਰੇ ਕੀਤੇ।
ਅੰਮ੍ਰਿਤਸਰ: ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਕੈਨੇਡਾ ਤੋਂ ਆਏ ਉੱਚ ਪੱਧਰੀ ਸਿੱਖ ਵਫ਼ਦ ਨੇ ਦਰਸ਼ਨ-ਦੀਦਾਰੇ ਕੀਤੇ। ਇਸ ਵਫ਼ਦ ਵਿੱਚ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸ਼ੈਡੋ ਵਿੱਤ ਮੰਤਰੀ ਅਤੇ ਐਮ.ਪੀ. ਜਸਰਾਜ ਸਿੰਘ ਹਾਲਣ, ਐਮ.ਪੀ. ਅਮਰਪ੍ਰੀਤ ਸਿੰਘ ਗਿੱਲ (ਕੈਲਗਰੀ ਸਕਾਈਵਿਊ) ਅਤੇ ਐਮ.ਪੀ. ਦਲਵਿੰਦਰ ਸਿੰਘ ਗਿੱਲ ਸ਼ਾਮਲ ਸਨ।
ਉਨ੍ਹਾਂ ਦੇ ਨਾਲ ਸਰਦਾਰ ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤਪਾਲ ਸਿੰਘ (ਸਰਪੰਚ) ਅਤੇ 'ਦੇਸ਼ ਪਰਦੇਸ਼ ਟਾਈਮਜ਼' ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਫ਼ਦ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਗੁਰੂ ਸਾਹਿਬ ਦੀ ਵੱਡੀ ਬਖ਼ਸ਼ਿਸ਼ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਨਾ ਕੇਵਲ ਰਾਜਨੀਤੀ ਵਿੱਚ ਮੱਲਾਂ ਮਾਰ ਰਹੇ ਹਨ, ਸਗੋਂ ਆਪਣੇ ਗੁਰਸਿੱਖੀ ਜੀਵਨ ਨੂੰ ਵੀ ਬਾਖ਼ੂਬੀ ਸੰਭਾਲ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ, ਜਿਨ੍ਹਾਂ ਨੇ ਕੈਨੇਡੀਅਨ ਐਮ.ਪੀਜ਼ ਵੱਲੋਂ ਆਪਣੀ ਧਰਤੀ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਐਮ.ਪੀ. ਜਸਰਾਜ ਸਿੰਘ ਹਾਲਣ ਅਤੇ ਦਲਵਿੰਦਰ ਸਿੰਘ ਗਿੱਲ ਨੇ ਕਿਹਾ, "ਸਾਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਪੂਰਨ ਗੁਰਸਿੱਖੀ ਸਰੂਪ ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਸਮੁੱਚੀ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਾਂ।"
ਉਨ੍ਹਾਂ ਕਿਹਾ ਕਿ ਕੈਨੇਡਾ 'ਲੈਂਡ ਆਫ ਅਪੋਰਚੁਨਿਟੀਜ਼' (ਅਵਸਰਾਂ ਦੀ ਧਰਤੀ) ਹੈ, ਜਿੱਥੇ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਕੈਲਗਰੀ ਵਿੱਚ ਤਿੰਨੇ ਐਮ.ਪੀ. ਇਕਜੁੱਟ ਹੋ ਕੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਹਰ ਇੱਕ ਲਈ ਖੁੱਲ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੇ ਆਪਣੇ ਸਕੂਲ ਖੋਲ੍ਹੇ ਹਨ ਜੋ ਕਿ ਵਿਦਿਅਕ ਮਿਆਰ ਵਿੱਚ ਟੌਪ 15 ਵਿੱਚ ਆਉਂਦੇ ਹਨ, ਜਿੱਥੇ ਪੜ੍ਹਾਈ ਦੇ ਨਾਲ-ਨਾਲ ਗੁਰਮਤਿ ਅਤੇ ਕੀਰਤਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਰੂਟਸ (ਜੜ੍ਹਾਂ) ਨਾਲ ਜੋੜਨ ਲਈ 'ਕਲਚਰਲ ਐਕਸਚੇਂਜ' ਪ੍ਰੋਗਰਾਮਾਂ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਤਿਆਰ ਹੈ ਕਿ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਕਥਾ, ਕੀਰਤਨ ਜਾਂ ਹੋਰ ਧਾਰਮਿਕ ਸਹਿਯੋਗ ਦਿੱਤਾ ਜਾ ਸਕੇ। ਕੈਨੇਡਾ ਵਿੱਚ ਵੀਜ਼ਾ ਨਿਯਮਾਂ ਵਿੱਚ ਹੋ ਰਹੀ ਸਖ਼ਤੀ ਬਾਰੇ ਗੱਲ ਕਰਦਿਆਂ ਐਮ.ਪੀਜ਼ ਨੇ ਕਿਹਾ ਕਿ ਤਬਦੀਲੀਆਂ ਕੁਦਰਤੀ ਹਨ, ਪਰ ਸਹੀ ਰਸਤੇ ਰਾਹੀਂ ਜਾਣ ਵਾਲਿਆਂ ਲਈ ਹਾਲੇ ਵੀ ਬਹੁਤ ਮੌਕੇ ਮੌਜੂਦ ਹਨ।
ਸਮੁੱਚੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪ੍ਰਧਾਨ ਧਾਮੀ ਵੱਲੋਂ ਸਮੂਹ ਸ਼ਖਸੀਅਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਫਮਣ ਸਿੰਘ ਕੈਲਗਰੀ, ਕੁਲਵੰਤ ਸਿੰਘ ਮੰਨਣ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।