Amritsar ਵਿੱਚ ਸਕੂਲਾਂ ਨੂੰ ਮੁੜ Bomb ਨਾਲ ਉਡਾਉਣ ਦੀ ਧਮਕੀ, E-mails ਨਾਲ ਹੜਕੰਪ
ਅੰਮ੍ਰਿਤਸਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਥਿਤ ਕਈ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈ-ਮੇਲਾਂ ਸਾਹਮਣੇ ਆਈਆਂ ਹਨ, ਜਿਸ ਨਾਲ ਸਕੂਲ ਪ੍ਰਸ਼ਾਸਨ, ਮਾਪਿਆਂ ਅਤੇ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਥਿਤ ਕਈ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈ-ਮੇਲਾਂ ਸਾਹਮਣੇ ਆਈਆਂ ਹਨ, ਜਿਸ ਨਾਲ ਸਕੂਲ ਪ੍ਰਸ਼ਾਸਨ, ਮਾਪਿਆਂ ਅਤੇ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ 10 ਤੋਂ ਵੱਧ ਸਕੂਲਾਂ ਨੂੰ ਈ-ਮੇਲ ਦੇ ਰਾਹੀਂ ਧਮਕੀ ਦਿੱਤੀ ਗਈ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਈ-ਮੇਲਾਂ ਸਕੂਲਾਂ ਨੂੰ ਮਿਲ ਚੁੱਕੀਆਂ ਹਨ, ਜਿਨ੍ਹਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਮਿਲੀਆਂ ਈ-ਮੇਲਾਂ ਵਿੱਚ ਦੇਸ਼ ਦੇ ਰਾਸ਼ਟਰੀ ਗੀਤ “ਜਨ ਗਣ ਮਨ” ਨੂੰ ਲੈ ਕੇ ਭੜਕਾਉ ਸੁਨੇਹੇ ਦਿੱਤੇ ਗਏ ਹਨ। ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਰਾਸ਼ਟਰੀ ਗੀਤ ਦੀ ਥਾਂ “ਦੇਹਿ ਸ਼ਿਵਾ ਬਰ ਮੋਹਿ” ਦੇ ਸ਼ਬਦ ਬੋਲੇ ਜਾਣ। ਇਸ ਤਰ੍ਹਾਂ ਦੇ ਸੰਵੇਦਨਸ਼ੀਲ ਅਤੇ ਉਕਸਾਉਂਦੇ ਸੁਨੇਹਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਹੋ ਗਈਆਂ ਹਨ।
ਇਸ ਮਾਮਲੇ ‘ਤੇ ਐਸਐਸਪੀ ਦਿਹਾਤੀ ਸੁਹੇਲ ਮੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਈ-ਮੇਲ ਰਾਹੀਂ ਕੁਝ ਸ਼ੱਕੀ ਅਤੇ ਧਮਕੀ ਭਰੇ ਮੈਸੇਜ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵੀ ਇਸ ਤਰ੍ਹਾਂ ਦੀ ਇੱਕ ਧਮਕੀ ਵਾਲੀ ਈ-ਮੇਲ ਆਈ ਸੀ, ਜਿਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਉਸ ਵੇਲੇ ਵੀ ਟੈਕਨੀਕਲ ਸੈੱਲ ਵੱਲੋਂ ਈ-ਮੇਲ ਆਈਡੀ ਅਤੇ ਥਰੈਟ ਦੇ ਸਰੋਤ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ ਸੀ।
ਐਸਐਸਪੀ ਸੁਹੇਲ ਮੀਰ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ ਅਤੇ ਈ-ਮੇਲ ਭੇਜਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਂਟੀ-ਸਾਬੋਟਾਜ ਚੈੱਕ, ਫਿਜ਼ੀਕਲ ਵੈਰੀਫਿਕੇਸ਼ਨ ਅਤੇ ਟੈਕਨੀਕਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਿਛਲੇ ਕੁਝ ਮਾਮਲਿਆਂ ਵਿੱਚ ਜਾਂਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਕੁਝ ਵਿਦਿਆਰਥੀਆਂ ਵੱਲੋਂ ਛੁੱਟੀ ਕਰਵਾਉਣ ਦੀ ਨੀਅਤ ਨਾਲ ਅਜਿਹੀਆਂ ਫਰਜ਼ੀ ਈ-ਮੇਲਾਂ ਭੇਜੀਆਂ ਗਈਆਂ ਸਨ। ਹਾਲਾਂਕਿ, ਇਸ ਵਾਰ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਹਲਕਾ ਨਹੀਂ ਲਿਆ ਜਾ ਰਿਹਾ ਅਤੇ ਹਰ ਪੱਖੋਂ ਗਹਿਰੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।