ਅੰਮ੍ਰਿਤਸਰ ਏਅਰਪੋਰਟ ਨੂੰ ਬੰ-ਬ ਨਾਲ ਉਡਾਉਣ ਦੀ ਧ-ਮਕੀ
ਫ਼ਿਰੋਜ਼ਪੁਰ ਤੋਂ ਫੜਿਆ ਗਿਆ ਮੁਲਜ਼ਮ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਬੰਬ ਦੀ ਧਮਕੀ ਮਿਲੀ ਹੈ। ਪੁਲੀਸ ਨੇ 24 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਫ਼ਿਰੋਜ਼ਪੁਰ ਤੋਂ ਗੁਰਦੇਵ ਸਿੰਘ ਨਾਂਅ ਦੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਉਸਦੇ ਨਾਮਜ਼ਦ ਕੀਤੇ ਦੋ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਈਮੇਲ ਰਾਹੀਂ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਸੀ।
ਈਮੇਲ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਨੂੰ ਭੇਜੀ ਗਈ ਸੀ। ਈਮੇਲ ਵਿੱਚ ਮੁਲਜ਼ਮਾਂ ਨੇ ਹਵਾਈ ਅੱਡੇ ਵਿੱਚ ਵੱਖ-ਵੱਖ ਥਾਵਾਂ ’ਤੇ ਕੁੱਲ 6 ਬੰਬ ਰੱਖਣ ਦਾ ਦਾਅਵਾ ਕੀਤਾ ਸੀ। ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ 1 ਕਰੋੜ ਰੁਪਏ ਦਿੱਤੇ ਜਾਣ, ਨਹੀਂ ਤਾਂ ਉਹ ਏਅਰਪੋਰਟ ਨੂੰ ਬੰਬ ਨਾਲ ਉਡਾ ਦੇਣਗੇ। ਈਮੇਲ ਵਿੱਚ ਦਿੱਤੀ ਗਈ ਜਾਣਕਾਰੀ ਅੰਮ੍ਰਿਤਸਰ ਪੁਲੀਸ ਨਾਲ ਸਾਂਝੀ ਕੀਤੀ ਗਈ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦਾ ਸਾਈਬਰ ਵਿਭਾਗ ਸਰਗਰਮ ਹੋ ਗਿਆ।
ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੋ ਹੋਰ ਮੁਲਜ਼ਮਾਂ ਬਾਰੇ ਦੱਸਿਆ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਦੇਵ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਗੁਰਦੇਵ ਨੂੰ ਤਿੰਨ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।