'ਪਾਕਿਸਤਾਨ ਜ਼ਿੰਦਾਬਾਦ' ਕਹਿਣ ਵਾਲੇ ਵਿਅਕਤੀ ਨੂੰ ਮਿਲੀ ਅਨੋਖੀ ਸਜ਼ਾ
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਹਾਈ ਕੋਰਟ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਨੌਜਵਾਨ ਨੂੰ ਅਨੋਖੀ ਸਜ਼ਾ ਸੁਣਾਈ ਹੈ। ਰਾਏਸੇਨ ਵਾਸੀ ਫੈਜ਼ਲ ਉਰਫ਼ ਫੈਜ਼ਾਨ ਨੇ ਹਿੰਦੁਸਤਾਨ ਮੁਰਦਾਬਾਦ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਹਾਈ ਕੋਰਟ ਤੱਕ ਪਹੁੰਚਿਆ ਜਿੱਥੇ ਉਸ ਨੂੰ ਇਸ ਸ਼ਰਤ 'ਤੇ ਜ਼ਮਾਨਤ ਮਿਲ ਗਈ ਕਿ ਉਹ ਹਰ ਮਹੀਨੇ ਦੇ ਪਹਿਲੇ ਅਤੇ ਚੌਥੇ ਮੰਗਲਵਾਰ ਨੂੰ ਤਿਰੰਗੇ ਨੂੰ ਸਲਾਮੀ ਦੇਵੇਗਾ।
ਫੈਜ਼ਲ ਨਾਂ ਦੇ ਵਿਅਕਤੀ ਨੂੰ ਭਾਰਤ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਹਾਈਕੋਰਟ ਨੇ ਉਨ੍ਹਾਂ ਨੂੰ ਕੁਝ ਸ਼ਰਤਾਂ ਦੇ ਨਾਲ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਫੈਸਲ ਨੂੰ ਭੋਪਾਲ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਮਹੀਨੇ ਵਿੱਚ ਦੋ ਵਾਰ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣੀ ਪਵੇਗੀ। ਜਿਸ ਸਮੇਂ ਉਹ ਸਲਾਮੀ ਦੇਣਗੇ, ਉਸ ਸਮੇਂ ਉਹ 21 ਵਾਰ ਭਾਰਤ ਮਾਤਾ ਦੀ ਜੈ ਦਾ ਨਾਅਰਾ ਵੀ ਬੁਲੰਦ ਕਰਨਗੇ। ਜਸਟਿਸ ਦਿਨੇਸ਼ ਕੁਮਾਰ ਪਾਲੀਵਾਲ ਨੇ ਕਿਹਾ ਕਿ ਇਹ ਸ਼ਰਤਾਂ ਫੈਜ਼ਲ ਵਿਚ ਦੇਸ਼ ਪ੍ਰਤੀ ਜ਼ਿੰਮੇਵਾਰੀ ਅਤੇ ਮਾਣ ਦੀ ਭਾਵਨਾ ਪੈਦਾ ਕਰਨ ਲਈ ਰੱਖੀਆਂ ਗਈਆਂ ਹਨ। ਅਦਾਲਤ ਨੇ ਭੋਪਾਲ ਪੁਲਿਸ ਕਮਿਸ਼ਨਰ ਨੂੰ ਇਹ ਵੀ ਦੇਖਣ ਲਈ ਕਿਹਾ ਕਿ ਫੈਜ਼ਲ ਰਾਸ਼ਟਰੀ ਝੰਡੇ ਅਤੇ ਨਾਅਰੇ ਸਬੰਧੀ ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਕਰ ਰਿਹਾ ਹੈ ਜਾਂ ਨਹੀਂ।
ਦੱਸ ਦੇਈਏ ਕਿ ਫੈਜ਼ਲ ਨੂੰ 17 ਮਈ ਨੂੰ ਜਨਤਕ ਤੌਰ 'ਤੇ ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਣ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਸੀ। ਜਿਸ ਤੋਂ ਬਾਅਦ ਉਸਦੇ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ 153 ਬੀ ਦੇ ਤਹਿਤ ਦੁਸ਼ਮਣੀ ਨੂੰ ਵਧਾਵਾ ਦੇਣ ਅਤੇ ਜਨਤਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ਲਗਾਏ ਗਏ ਸਨ।