CM Mann and Sunil Jakhar ਵਿਚਾਲੇ ਸ਼ਬਦੀ ਜੰਗ- ਡੇਰਾ ਮੁਖੀ ਅਤੇ ਮਜੀਠੀਆ ਦੀ ਮੁਲਾਕਾਤ ਨੇ ਭਖਾਈ ਪੰਜਾਬ ਦੀ ਸਿਆਸਤ
ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਅੱਜ ਉਸ ਵੇਲੇ ਭਾਰੀ ਗਰਮਾ-ਗਰਮੀ ਦੇਖਣ ਨੂੰ ਮਿਲੀ ਜਦੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਆਗੂ ਸੁਨੀਲ ਜਾਖੜ ਆਹਮੋ-ਸਾਹਮਣੇ ਆ ਗਏ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਠੀਕ ਪਹਿਲਾਂ ਡੇਰਾ ਮੁਖੀ ਨੇ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬੇਕਸੂਰ ਦੱਸਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾਕ੍ਰਮ 'ਤੇ ਸੋਸ਼ਲ ਮੀਡੀਆ ਰਾਹੀਂ ਤਿੱਖਾ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਕਿਸੇ ਦਾ ਸਿੱਧਾ ਨਾਮ ਲਏ ਬਿਨਾਂ ਇੱਕ ਟਵੀਟ ਰਾਹੀਂ ਨਿਸ਼ਾਨਾ ਸਾਧਿਆ ਕਿ ਜਿੱਥੇ ਮੁਲਾਕਾਤ ਕਰਨ ਵਾਲੇ ਖੁਦ ਹੀ ਜੱਜ ਬਣ ਕੇ ਫੈਸਲੇ ਸੁਣਾਉਣ ਲੱਗ ਜਾਣ, ਉੱਥੇ ਅਦਾਲਤਾਂ ਦਾ ਰੱਬ ਹੀ ਰਾਖਾ ਹੈ। ਮੁੱਖ ਮੰਤਰੀ ਦਾ ਇਹ ਇਸ਼ਾਰਾ ਸਪੱਸ਼ਟ ਤੌਰ 'ਤੇ ਡੇਰਾ ਮੁਖੀ ਵੱਲੋਂ ਮਜੀਠੀਆ ਨੂੰ ਦਿੱਤੀ ਗਈ 'ਕਲੀਨ ਚਿੱਟ' ਅਤੇ ਉਸ ਤੋਂ ਤੁਰੰਤ ਬਾਅਦ ਮਿਲੀ ਅਦਾਲਤੀ ਰਾਹਤ ਵੱਲ ਸੀ।
ਮੁੱਖ ਮੰਤਰੀ ਦੇ ਇਸ ਬਿਆਨ 'ਤੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਵੀ ਕਰਾਰਾ ਪਲਟਵਾਰ ਕੀਤਾ। ਜਾਖੜ ਨੇ ਡੇਰਾ ਮੁਖੀ ਦੇ ਸਤਿਕਾਰ ਵਿੱਚ ਧਾਰਮਿਕ ਤੁਕ ਦਾ ਹਵਾਲਾ ਦਿੰਦੇ ਹੋਏ ਲਿਖਿਆ, "ਸਾਧੂ ਬੋਲੇ ਸਹਿਜ ਸੁਭਾਅ, ਸਾਧ ਕਾ ਕਿਹਾ ਬਿਰਥਾ ਨਾ ਜਾਏ।" ਉਨ੍ਹਾਂ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਧਾਰਮਿਕ ਅਤੇ ਰੂਹਾਨੀ ਸ਼ਖ਼ਸੀਅਤਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਕਰਨਾ ਸ਼ੋਭਾ ਨਹੀਂ ਦਿੰਦਾ।
ਇਸ ਪੂਰੇ ਘਟਨਾਕ੍ਰਮ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਵਿੱਚ ਹੋਈ ਇਸ ਅਹਿਮ ਮੁਲਾਕਾਤ ਦੇ ਕੁਝ ਹੀ ਘੰਟਿਆਂ ਬਾਅਦ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਜਿਸ ਨੂੰ ਹੁਣ ਸਿਆਸੀ ਹਲਕਿਆਂ ਵਿੱਚ ਵੱਖ-ਵੱਖ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।