ਚਾਰ ਲਾਵਾਂ ਤਮਾਮ ਉਮਰ ਦੇ ਰਿਸ਼ਤੇ ਦੀ ਵਸੀਅਤ ਕਦੇ ਵੀ ਲਿਖ ਕੇ ਨਹੀਂ ਦਿੰਦੀਆਂ

ਜਦੋਂ ਰਤਾ ਜਿੰਨੀ ਝੱਲਣ ਦਾ ਜੇਰਾ ਛੱਡ ਤਕਰਾਰਾਂ ਲੰਮੀਆਂ ਹੋ ਜਾਂਦੀਆਂ ਨੇ।

By :  Gill
Update: 2025-09-06 05:44 GMT


ਬੰਦੇ ਤੇ ਜਨਾਨੀ ਦਾ ਰਿਸ਼ਤਾ ਬਹੁਤ ਨੇੜੇ ਦਾ ਹੁੰਦਾ, ਜਦੋਂ ਤੁਸੀਂ ਇਸ ਰਿਸ਼ਤੇ ਵਿੱਚ ਬੱਝਦੇ ਹੋ ਤਾਂ ਇੱਕ ਦੂਜੇ ਦਾ ਚੰਗਾ-ਮੰਦਾ, ਕੱਜਿਆ- ਅਣਕੱਜਿਆ ਸਭ ਤੁਹਾਨੂੰ ਪਤਾ ਹੁੰਦਾ। ਪਰ ਚਾਰ ਲਾਵਾਂ ਤਮਾਮ ਉਮਰ ਦੇ ਰਿਸ਼ਤੇ ਦੀ ਵਸੀਅਤ ਕਦੇ ਵੀ ਲਿਖਕੇ ਨਹੀਂ ਦਿੰਦੀਆਂ। ਬਹੁਤ ਵਾਰ ਜ਼ਿੰਦਗੀ 'ਚ ਬਹੁਤ ਕੁੱਝ ਇਹੋ ਜਿਹਾ ਵਾਪਰ ਜਾਂਦਾ ਜਦੋਂ ਉਹੀ ਦੋ ਮੁਹੱਬਤ ਕਰਨ ਵਾਲੇ ਜੀਅ ਇੱਕ ਦੂਜੇ ਦੇ ਆਹਮਣੇ - ਸਾਹਮਣੇ ਖੜ ਜਾਂਦੇ ਨੇ।

ਜਦੋਂ ਰਤਾ ਜਿੰਨੀ ਝੱਲਣ ਦਾ ਜੇਰਾ ਛੱਡ ਤਕਰਾਰਾਂ ਲੰਮੀਆਂ ਹੋ ਜਾਂਦੀਆਂ ਨੇ। ਜਦੋਂ ਖੂਬੀਆਂ ਦੀ ਥਾਵੇਂ ਅਸੀਂ ਕਮੀਆਂ ਲੱਭਣ ਲੱਗ ਜਾਂਦੇ ਹਾਂ। ਤੁਹਾਡਾ ਹਾਣੀ ਤੁਹਾਡੇ ਵਰਗੀਆਂ ਆਦਤਾਂ,ਖੂਬੀਆਂ ਵਾਲਾ ਨਹੀਂ ਹੋ ਸਕਦਾ। ਇੱਕ ਜਿਹੇ ਤਾਂ ਇੱਕ ਮਾਂ ਦੀ ਢਿੱਡੋਂ ਜੰਮੇ ਵੀ ਨਹੀਂ ਹੁੰਦੇ, ਨਾ ਹੀ ਉਹ ਕਿਸੇ ਚੀਕਣੀ ਮਿੱਟੀ ਦਾ ਬੁੱਤ ਏ ਜੋ ਤੁਹਾਡੇ ਮੁਤਾਬਕ ਦੁਬਾਰਾ ਘੜਿਆ ਜਾ ਸਕੇ। ਕਈਆਂ 'ਚ ਖੂਬੀਆਂ ਵੱਧ ਤੇ ਕਈਆਂ 'ਚ ਕਮੀਆਂ ਜਿਆਦਾ ਹੋ ਸਕਦੀਆਂ ਨੇ ਪਰ ਜੇ ਆਪਣੇ ਆਪ ਨੂੰ ਆਪਣੀ ਨਜ਼ਰ ਨਾਲ ਤੋਲਣ ਦੀ ਆਦਤ ਪੈ ਜਾਵੇ ਤਾਂ ਹਰ ਹਾਲਾਤ ਲੱਗਦਾ ਵੀ ਮੈਂ ਹੀ ਸਹੀ ਹਾਂ ਤੇ ਤੈਨੂੰ ਹੀ ਮੇਰੇ ਅੱਗੇ ਝੁਕਣਾ ਪੈਣਾ ਪਰ ਜੇ ਉਹਦੀ ਨਜ਼ਰ ਨਾਲ ਵੇਖੋਂ ਤਾਂ ਆਪਣੇ ਆਪ ,'ਚ ਵੀ ਕੁੱਝ ਨਾ ਕੁੱਝ ਊਣਾ ਜਰੂਰ ਮਿਲ ਜਾਊ। ਜੇ ਫਿਰ ਇੱਕਠੇ ਇੱਕ ਰਾਹ ਤੇ ਤੁਰਨਾ ਔਖਾ ਲੱਗਦਾ ਤਾਂ ਆਪਣੇ ਰਾਹ ਅਲੱਗ ਕਰਨ ਦਾ ਫੈਸਲਾ ਵੀ ਤੁਹਾਡਾ ਹੀ ਹੋਣਾ ਚਾਹੀਦਾ ਏ।ਆਪਣੇ ਰਿਸ਼ਤੇ ਨੂੰ ਲੋਕਾਂ ਦੇ ਸਾਹਮਣੇ ਖੋਲਕੇ ਉਹਨਾਂ ਦੀਆਂ ਗੱਲਾਂ ਦਾ ਸਵਾਦ ਬਣਾਉਣ ਵਾਲੇ ਜੀਅ ਬੇਹੱਦ ਮੂਰਖ ਹੁੰਦੇ ਨੇ।ਰਿਸ਼ਤਾ ਤੁਹਾਡਾ ਏ ਉਹਨੂੰ ਬੇਹਤਰੀ ਨਾਲ ਵੀ ਤੁਸੀਂ ਹੀ ਨਿਭਾਅ ਸਕਦੇ ਹੋ ਤੇ ਨਾ ਬਣਨ ਤੇ ਬੇਹਤਰੀ ਨਾਲ ਵੀ ਤੁਸੀਂ ਹੀ ਛੱਡ ਸਕਦੇ ਹੋ।

ਲੋਕਾਂ ਨੂੰ ਗਿੱਧਾ ਪਾਉਣ ਦਾ ਮੌਕਾ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਕਿ ਕਦੇ ਤਾਂ ਉਹਨੇਂ ਤੁਹਾਡੀ ਫਿਕਰ ਕੀਤੀ ਹੋਊ, ਮੁਹੱਬਤ ਜਾਂ ਇੱਜ਼ਤ ਕੀਤੀ ਹੋਊ? ਬਸ ਉਹ ਜੋ ਕਦੇ ਤੁਹਾਡਾ ਤੇ ਤੁਸੀਂ ਉਹਦੇ ਸੀ , ਦੁਨੀਆਂ ਅੱਗੇ ਬਣਦਾ ਉਹਦਾ ਤਮਾਸ਼ਾ ਕਿਤੇ ਨਾ ਕਿਤੇ ਨਜ਼ਰਾਂ ਤਾਂ ਤੁਹਾਡੀਆਂ ਵੀ ਝੁਕਾ ਹੀ ਦਿੰਦਾ ਏ। ਗੱਲ ਕਿਤਾਬੀ ਲੱਗੂ ਪਰ ਕਿਸੇ ਨੂੰ ਛੱਡਣ ਵੇਲੇ ਵੀ ਉਹਨੂੰ ਉਹਦੀ ਰਿਆਸਤ ਦਾ ਰਾਜਾ ਹੀ ਰਹਿਣ ਦਿਓ, ਭਿਖਾਰੀ ਤਾਂ ਉਹਨੂੰ ਤੁਹਾਡਾ ਚੁੱਪ -ਚਾਪ ਤੁਰ ਜਾਣਾ ਹੀ ਬਣਾ ਦੇਊ।

--ਰੁਪਿੰਦਰ ਸੰਧੂ

Tags:    

Similar News