ਸਿਹਤ ਮੰਤਰੀ ਨਾਲ ਅੱਜ 30ਵੀਂ ਮੀਟਿੰਗ ਵੀ ਲਾਰੇਬਾਜੀ ਸਾਬਿਤ ਹੋਈ : ਇੰਪਲਾਈਜ ਯੂਨੀਅਨ
ਸਿਹਤ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਪਟਿਆਲਾ ਵਿਖੇ ਬੇਸਿੱਟਾ ਰਹੀ। ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਮੂਹ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ;
ਸਿਹਤ ਮੰਤਰੀ ਨਾਲ ਬੇਸਿੱਟਾ ਮੀਟਿੰਗ ਤੋਂ ਬਾਅਦ ਹੁਣ ਰੋਸ ਵਜੋਂ ਦੋ ਦਿਨ ਲਈ ਨਵੀਂ ਦਿੱਲੀ ਵਿੱਚ ਜਨਤਕ ਥਾਵਾਂ ਤੇ ਹਜਾਰਾਂ ਪਰਚੇ ਵੰਡ ਕੇ ਸਰਕਾਰ ਦੀ ਵਾਅਦਾ ਖਿਲਾਫ਼ੀ ਦਾ ਕੀਤਾ ਜਾਵੇਗਾ ਪਰਦਾਫਾਸ਼।
1-2 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਖਿਲਾਫ਼ ਦਿੱਲੀ ਦੇ ਬਜਾਰਾਂ ਵਿੱਚ ਕਰਨਗੇ ਪੋਲ ਖੋਲ ਪ੍ਰਚਾਰ।
ਮਾਨਸਾ : ਪੰਜਾਬ ਭਰ ਵਿੱਚ ਸਿਹਤ ਵਿਭਾਗ ਅਧੀਨ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ 9200 ਦੇ ਕਰੀਬ ਮੈਡੀਕਲ, ਪੈਰਾਮੈਡੀਕਲ ਅਤੇ ਦਫਤਰੀ ਸਿਹਤ ਕਾਮੇ ਠੇਕਾ ਪ੍ਰਥਾ ਦਾ ਸ਼ਿਕਾਰ ਹੋ ਰਹੇ ਹਨ ਪ੍ਰੰਤੂ ਪਿਛਲੇ ਤਿੰਨ ਸਾਲਾਂ ਤੋਂ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀਆਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈਆਂ 29-30 ਮੀਟਿੰਗਾਂ ਸਿਰਫ ਜੁਬਾਨੀ ਲਾਰੇਬਾਜੀ ਸਾਬਿਤ ਹੋਈਆਂ। ਸੂਬਾਈ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਲਗਪਗ ਤਿੰਨ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀ ਕੋਈ ਵੀ ਜਾਇਜ਼ ਮੰਗ ਪੂਰੀ ਨਹੀਂ ਕੀਤੀ ਜਿਸ ਕਰਕੇ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਦੀ ਅੱਜ 26 ਜਨਵਰੀ ਨੂੰ ਸਿਹਤ ਮੰਤਰੀ ਪੰਜਾਬ ਨਾਲ ਸਰਕਟ ਹਾਊਸ ਪਟਿਆਲਾ ਵਿਖੇ ਬੇਸਿੱਟਾ ਰਹੀ। ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਮੂਹ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਹੁਣ ਰੋਸ ਵਜੋਂ ਮਿਤੀ 1 ਅਤੇ 2 ਫ਼ਰਵਰੀ 2025 ਨੂੰ ਕਰਮਵਾਰ ਦੋ ਦਿਨ ਲਈ ਨਵੀਂ ਦਿੱਲੀ ਵਿੱਚ ਜਨਤਕ ਥਾਵਾਂ ਤੇ ਹਜਾਰਾਂ ਪਰਚੇ ਵੰਡ ਕੇ ਸਰਕਾਰ ਦੀ ਵਾਅਦਾ ਖਿਲਾਫ਼ੀ ਦਾ ਪਰਦਾਫਾਸ਼ ਕੀਤਾ ਜਾਵੇਗਾ ।
ਵਿਰੋਧ ਪ੍ਰਦਰਸ਼ਨਾਂ ਦੀ ਲੜੀ ਦੌਰਾਨ ਮਿਤੀ 1 ਅਤੇ 2 ਫ਼ਰਵਰੀ 2025 ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਧਾਨ ਸਭਾ ਹਲਕਾ ਨਵੀਂ ਦਿੱਲੀ ਅਤੇ ਨੈਸ਼ਨਲ ਮੀਡੀਆ ਰਾਹੀਂ ਰਾਜੀਵ ਚੌਕ ਕਨਾਉਟ ਪੈਲੇਸ ਵਿੱਚ 20000 ਪਰਚੇ ਵੰਡ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ ਅਤੇ ਆਉਂਦੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਹ ਜਾਣਕਾਰੀ ਐਨ.ਐਚ.ਐਮ ਇੰਪਲਾਇਜ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਵਤਾਰ ਸਿੰਘ ਮਾਨਸਾ ਨੇ ਦਿੱਤੀ। ਇਸ ਮੌਕੇ ਸੀਨੀਅਰ ਆਗੂ ਲਵਲੀ ਗੋਇਲ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਬਾਏ ਲਾਅਜ਼ ਬਣਾ ਕੇ ਰੈਗੂਲਰ ਪੇਅ ਸਕੇਲ,ਪੇਅ ਕਮਿਸ਼ਨ,ਡੀ.ਏ ਅਤੇ ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਐਨ.ਐਚ.ਐਮ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਗੂਲਰਾਈਜੇਸ਼ਨ, ਮੌਜੂਦਾ ਤਨਖਾਹਾਂ ਵਿੱਚ ਵਾਧਾ ਕਰਨਾ,ਲਾਇਲਟੀ ਬੋਨਸ,ਕਮਾਈ ਛੁੱਟੀ,ਗ੍ਰੈਚੂਇਟੀ ਆਦਿ ਹਨ, ਇਸ ਮੌਕੇ ਤੇ ਰਵਿੰਦਰ ਕੁਮਾਰ ਜਿਲਾ ਪ੍ਰਧਾਨ ਮਾਨਸਾ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਦੀਆਂ ਜਾਇਜ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਕੇ ਬਣਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ । ਇਸ ਮੌਕੇ ਕਰਮਵੀਰ ਕੌਰ ਜਿਲਾ ਆਗੂ ਨੇ ਰੋਸ਼ ਜਾਹਰ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਤੋਂ ਭੱਜਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਜਗਦੇਵ ਸਿੰਘ,ਕੁਲਵਿੰਦਰ ਕੌਰ,ਚਰਨਜੀਤ ਕੌਰ,ਪਰਮਜੀਤ ਕੌਰ,ਹਰਜਿੰਦਰ ਸਿੰਘ,ਜਸਪ੍ਰੀਤ ਸਿੰਘ,ਦੀਪ ਸ਼ਿਖਾ,ਕੁਲਦੀਪ ਕੌਰ,ਰੀਟਾ ਰਾਣੀ,ਲਲਿਤ ਕੁਮਾਰ, ਹਰਸਿਮਰਨ ਸਿੰਘ,ਸੁਰਿੰਦਰ ਕੁਮਾਰ,ਰੇਨੂੰ ਸਿੰਗਲਾ,ਸੁਖਪਾਲ ਕੌਰ,ਮਲਕੀਤ ਕੌਰ,ਡਾ.ਅਰਜੁਨ ਸ਼ਾਰਦਾ,ਹੈਰੀ ਗੋਇਲ,ਰੋਬਿਨ ਮਿੱਤਲ ਆਦਿ ਨੇ ਵੀ ਸੰਬੋਧਨ ਕੀਤਾ।