ਗੁਰਦਾਸਪੁਰ 'ਚ ਭਿਆਨਕ ਹਾਦਸਾ, 4 ਦੀ ਮੌਤ, ਲੈਂਟਰ ਬੱਸ 'ਤੇ ਡਿੱਗਾ
ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ਨੇੜੇ ਸੋਮਵਾਰ ਦੁਪਹਿਰ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਸ਼ਾਹਬਾਦ ਨੇੜੇ ਹੋਏ ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਨੇੜਲੇ ਪਿੰਡਾਂ ਦੇ ਵਸਨੀਕ ਸਨ।
ਕਾਦੀਆਂ ਤੋਂ ਬਟਾਲਾ ਵੱਲ ਆ ਰਹੀ ਇੱਕ ਬੱਸ ਸ਼ਾਹਬਾਦ ਮੋੜ 'ਤੇ ਬੇਕਾਬੂ ਹੋ ਕੇ ਉਡੀਕ ਘਰ ਦੇ ਸ਼ੈੱਡ ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਸ਼ਾਹਬਾਦ ਪਿੰਡ ਦੇ ਮੋੜ 'ਤੇ ਇਕ ਸਕੂਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਬੱਸ ਵੇਟਿੰਗ ਰੂਮ ਦੇ ਸ਼ੈੱਡ ਨਾਲ ਟਕਰਾ ਗਈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਇੱਕ ਬੱਸ ਡਰਾਈਵਰ ਵੀ ਸ਼ਾਮਲ ਹੈ।
ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਟਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਗੁਰਦਾਸਪੁਰ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਅਸਲ ਵਿਚ ਇਕ ਬੱਚਾ ਐਕਟਿਵਾ ਚਲਾ ਰਿਹਾ ਸੀ ਜਿਸ ਦੀ ਉਮਰ 13 ਸਾਲ ਸੀ। ਖ਼ਬਰ ਇਹ ਵੀ ਹੈ ਕਿ ਬੱਸ ਦਾ ਡਰਾਈਵਰ ਬੱਚੇ ਨੂੰ ਬਚਾਉਣਾ ਚਾਹੁੰਦਾ ਸੀ ਇਸ ਲਈ ਹਾਦਸਾ ਵਾਪਰ ਗਿਆ। ਇਸ ਦੌਰਾਨ ਐਕਟਿਵਾ ਸਵਾਰ ਬੱਚੇ ਦੀ ਵੀ ਮੌਤ ਹੋ ਗਈ ਹੈ।