ਸੂਰਜ ਦਾ ਗੁੱਸਾ: ISRO issues alert, ਭਾਰਤ ਸਣੇ ਦੁਨੀਆ ਭਰ 'ਚ ਰੇਡੀਓ ਬਲੈਕਆਊਟ ਦਾ ਖ਼ਤਰਾ
ਸ਼ਕਤੀਸ਼ਾਲੀ X8.1-ਕਲਾਸ ਦਾ ਸੂਰਜੀ ਫਲੇਅਰ ਨਿਕਲਿਆ ਹੈ। ਇਹ 1996 ਤੋਂ ਬਾਅਦ ਦਰਜ ਕੀਤੇ ਗਏ 20 ਸਭ ਤੋਂ ਖ਼ਤਰਨਾਕ ਫਟਣਾਂ ਵਿੱਚੋਂ ਇੱਕ ਹੈ।
ਬੰਗਲੌਰ/ਨਵੀਂ ਦਿੱਲੀ, 5 ਫਰਵਰੀ 2026: ਸੂਰਜ ਦੀ ਸਤ੍ਹਾ 'ਤੇ ਹੋ ਰਹੀਆਂ ਅਜੀਬ ਅਤੇ ਤੇਜ਼ ਗਤੀਵਿਧੀਆਂ ਨੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਸ਼ਕਤੀਸ਼ਾਲੀ ਸੂਰਜੀ ਤੂਫ਼ਾਨ (Solar Storm) ਧਰਤੀ ਵੱਲ ਵਧ ਰਿਹਾ ਹੈ, ਜਿਸ ਕਾਰਨ ਵੱਡਾ ਰੇਡੀਓ ਬਲੈਕਆਊਟ ਹੋਣ ਦੀ ਸੰਭਾਵਨਾ ਹੈ।
ਕਿਉਂ ਆ ਰਿਹਾ ਹੈ ਸੂਰਜੀ ਤੂਫ਼ਾਨ?
ਵਿਗਿਆਨੀਆਂ ਨੇ ਸੂਰਜ 'ਤੇ 'Active Region 14366' ਨਾਮਕ ਇੱਕ ਚੁੰਬਕੀ ਸਨਸਪਾਟ ਕਲੱਸਟਰ ਦੀ ਪਛਾਣ ਕੀਤੀ ਹੈ। ਇਸ ਖੇਤਰ ਵਿੱਚੋਂ 2026 ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ X8.1-ਕਲਾਸ ਦਾ ਸੂਰਜੀ ਫਲੇਅਰ ਨਿਕਲਿਆ ਹੈ। ਇਹ 1996 ਤੋਂ ਬਾਅਦ ਦਰਜ ਕੀਤੇ ਗਏ 20 ਸਭ ਤੋਂ ਖ਼ਤਰਨਾਕ ਫਟਣਾਂ ਵਿੱਚੋਂ ਇੱਕ ਹੈ।
ਧਰਤੀ 'ਤੇ ਕੀ ਹੋਵੇਗਾ ਅਸਰ?
ਜਦੋਂ ਇਹ ਸੂਰਜੀ ਤੂਫ਼ਾਨ ਧਰਤੀ ਦੇ ਵਾਯੂਮੰਡਲ ਨਾਲ ਟਕਰਾਉਂਦਾ ਹੈ, ਤਾਂ ਇਸ ਦਾ ਪ੍ਰਭਾਵ ਮਨੁੱਖਾਂ 'ਤੇ ਸਿੱਧਾ ਨਹੀਂ ਹੁੰਦਾ, ਪਰ ਸਾਡੀ ਤਕਨਾਲੋਜੀ ਲਈ ਇਹ ਬਹੁਤ ਘਾਤਕ ਹੈ:
ਰੇਡੀਓ ਬਲੈਕਆਊਟ: ਉੱਚ-ਆਵਿਰਤੀ (High-frequency) ਵਾਲੇ ਰੇਡੀਓ ਸੰਚਾਰ ਪੂਰੀ ਤਰ੍ਹਾਂ ਠੱਪ ਹੋ ਸਕਦੇ ਹਨ।
ਸੈਟੇਲਾਈਟਾਂ ਨੂੰ ਖ਼ਤਰਾ: ਇਸਰੋ ਦੇ 50 ਤੋਂ ਵੱਧ ਕਾਰਜਸ਼ੀਲ ਉਪਗ੍ਰਹਿਆਂ 'ਤੇ ਖ਼ਤਰਾ ਬਣਿਆ ਹੋਇਆ ਹੈ। GPS ਅਤੇ ਨੈਵੀਗੇਸ਼ਨ ਸਿਸਟਮ ਵਿੱਚ ਵਿਘਨ ਪੈ ਸਕਦਾ ਹੈ।
ਪਾਵਰ ਗਰਿੱਡ: ਤੇਜ਼ ਚੁੰਬਕੀ ਤਰੰਗਾਂ ਕਾਰਨ ਬਿਜਲੀ ਦੇ ਗਰਿੱਡ ਫੇਲ੍ਹ ਹੋ ਸਕਦੇ ਹਨ।
ਅਰੋਰਾ: ਧਰੁਵਾਂ ਦੇ ਨੇੜੇ ਆਸਮਾਨ ਵਿੱਚ ਬਹੁਤ ਹੀ ਚਮਕਦਾਰ ਅਤੇ ਰੰਗਦਾਰ ਰੌਸ਼ਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਇਸਰੋ ਅਤੇ ਆਦਿਤਿਆ-L1 ਦੀ ਭੂਮਿਕਾ
ਭਾਰਤ ਦੀ ਪਹਿਲੀ ਸੂਰਜੀ ਆਬਜ਼ਰਵੇਟਰੀ, ਆਦਿਤਿਆ-L1, ਇਸ ਸਮੇਂ ਧਰਤੀ ਲਈ ਇੱਕ 'ਸੁਰੱਖਿਆ ਕਵਚ' ਵਜੋਂ ਕੰਮ ਕਰ ਰਹੀ ਹੈ। ਧਰਤੀ ਤੋਂ 1.5 ਮਿਲੀਅਨ ਕਿਲੋਮੀਟਰ ਦੂਰ ਸਥਿਤ ਇਹ ਸੈਟੇਲਾਈਟ ਸੂਰਜ ਦੀਆਂ ਗਤੀਵਿਧੀਆਂ 'ਤੇ 24 ਘੰਟੇ ਨਜ਼ਰ ਰੱਖ ਰਿਹਾ ਹੈ।
ISTRAC ਦੇ ਨਿਰਦੇਸ਼ਕ ਅਨਿਲ ਕੁਮਾਰ ਅਨੁਸਾਰ, ਜ਼ਮੀਨੀ ਸਟੇਸ਼ਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਆਦਿਤਿਆ-L1 ਤੋਂ ਮਿਲ ਰਿਹਾ ਡੇਟਾ ਇਸਰੋ ਨੂੰ ਸਮੇਂ ਸਿਰ ਐਮਰਜੈਂਸੀ ਯੋਜਨਾਵਾਂ ਲਾਗੂ ਕਰਨ ਵਿੱਚ ਮਦਦ ਕਰ ਰਿਹਾ ਹੈ ਤਾਂ ਜੋ ਪੁਲਾੜ ਬੁਨਿਆਦੀ ਢਾਂਚੇ ਨੂੰ ਬਚਾਇਆ ਜਾ ਸਕੇ।