ਵੀਰ ਬਾਲ ਦਿਵਸ' ਦਾ ਜ਼ੋਰਦਾਰ ਵਿਰੋਧ, MP Harsimrat Kaur Badal ਨੇ ਪਾਈ ਪੋਸਟ
ਬਠਿੰਡਾ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ 'ਤੇ ਜਾਰੀ ਕੀਤੇ ਗਏ ਪੋਸਟਰ ਦਾ ਸਖ਼ਤ ਵਿਰੋਧ ਕੀਤਾ ਹੈ।
ਨਿਊਂ ਚੰਡੀਗੜ੍ਹ : ਬਠਿੰਡਾ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ 'ਤੇ ਜਾਰੀ ਕੀਤੇ ਗਏ ਪੋਸਟਰ ਦਾ ਸਖ਼ਤ ਵਿਰੋਧ ਕੀਤਾ ਹੈ। ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ, "ਕੇਂਦਰ ਸਰਕਾਰ ਨੇ ਪਹਿਲਾਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਅਤੇ ਸਿੱਖ ਪਰੰਪਰਾ ਦੇ ਵਿਰੁੱਧ ਜਾ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ-ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ-ਧੰਨ ਬਾਬਾ ਫਤਿਹ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦਿਵਸ ਦਾ ਨਾਮ 'ਵੀਰ ਬਾਲ ਦਿਵਸ' ਰੱਖ ਦਿੱਤਾ।"
ਹੁਣ, ਛੋਟੇ ਸਾਹਿਬਜ਼ਾਦਿਆਂ ਦੀ ਇਸ ਮਹਾਨ ਸ਼ਹਾਦਤ ਨੂੰ ਗ਼ੈਰ-ਸਿੱਖ ਵਿਚਾਰਧਾਰਾ ਨਾਲ ਜੋੜਨ ਦੀ ਕੋਸ਼ਿਸ਼ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ, "ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਕੇਂਦਰ ਸਰਕਾਰ ਨੂੰ ਤੁਰੰਤ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਅਜਿਹੇ ਪ੍ਰੋਗਰਾਮਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣੀ ਚਾਹੀਦੀ ਹੈ।" ਇੱਥੇ ਦੱਸ ਦੇਈਏ ਕਿ ਇਹ ਪੋਸਟਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਈ ਵਾਰ ਨਾਮ 'ਵੀਰ ਬਾਲ ਦਿਵਸ' ਦਾ ਜ਼ੋਰਦਾਰ ਵਿਰੋਧ ਕਰ ਚੁੱਕੀ ਹੈ। ਪੰਥਕ ਮਾਹਿਰਾਂ ਦਾ ਕਹਿਣੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਦੇ ਨਾਂਵਾਂ ਨਾਲ਼ ਸ਼ਬਦ 'ਬਾਬਾ' ਲਾਉਣ ਦੀ ਪਿਰਤ ਪ੍ਰਚਲਿਤ ਹੈ – ਇਸ ਲਈ ਉਨ੍ਹਾਂ ਦੇ ਨਾਵਾਂ ਨਾਲ਼ ਸ਼ਬਦ 'ਬਾਲ' ਲਾਉਣਾ ਦਰੁਸਤ ਨਹੀਂ ਹੈ।