ਸੌਮਿਆ ਬਲਾਤਕਾਰ ਮਾਮਲਾ: ਦੋਸ਼ੀ ਗੋਵਿੰਦਾਚਾਮੀ ਕੰਨੂਰ ਜੇਲ੍ਹ ਤੋਂ ਫਰਾਰ
ਉਸਦੀ ਗੈਰ-ਹਾਜ਼ਰੀ ਦਾ ਪਤਾ ਸ਼ੁੱਕਰਵਾਰ ਤੜਕੇ ਲੱਗਿਆ। ਉਸਨੂੰ ਫੜਨ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਕੰਨੂਰ ਕੇਂਦਰੀ ਜੇਲ੍ਹ ਵਿੱਚ ਕੇ-9 ਸਕੁਐਡ ਵੀ ਤਾਇਨਾਤ ਕੀਤੀ ਗਈ ਸੀ।
2011 ਦੇ ਸੌਮਿਆ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਦੋਸ਼ੀ ਗੋਵਿੰਦਾਚਾਮੀ ਸ਼ੁੱਕਰਵਾਰ ਨੂੰ ਕੇਰਲ ਦੀ ਉੱਚ-ਸੁਰੱਖਿਆ ਵਾਲੀ ਕੰਨੂਰ ਕੇਂਦਰੀ ਜੇਲ੍ਹ ਤੋਂ ਫਰਾਰ ਹੋ ਗਿਆ। ਹਾਲਾਂਕਿ, ਉਸਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਬਾਅਦ ਥਾਲਪ ਖੇਤਰ ਵਿੱਚ ਇੱਕ ਖੰਡਰ ਇਮਾਰਤ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾਚਾਮੀ ਦਾ ਖੱਬਾ ਹੱਥ ਨਹੀਂ ਹੈ।
ਪੁਲਿਸ ਅਨੁਸਾਰ, ਉਸਦੀ ਗੈਰ-ਹਾਜ਼ਰੀ ਦਾ ਪਤਾ ਸ਼ੁੱਕਰਵਾਰ ਤੜਕੇ ਉਸਦੇ ਸੈੱਲ ਦੀ ਜਾਂਚ ਦੌਰਾਨ ਲੱਗਿਆ। ਉਸਨੂੰ ਫੜਨ ਲਈ ਇੱਕ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਕੰਨੂਰ ਕੇਂਦਰੀ ਜੇਲ੍ਹ ਵਿੱਚ ਕੇ-9 ਸਕੁਐਡ ਵੀ ਤਾਇਨਾਤ ਕੀਤੀ ਗਈ ਸੀ। ਕੰਨੂਰ ਦੇ ਐਸਪੀ ਨਿਧਿਨਰਾਜ ਪੀ ਨੇ ਦੱਸਿਆ ਕਿ ਜੇਲ੍ਹ ਦੇ ਸੀਸੀਟੀਵੀ ਫੁਟੇਜ ਅਨੁਸਾਰ, ਗੋਵਿੰਦਾਚਾਮੀ ਸਵੇਰੇ 4:15 ਵਜੇ ਤੋਂ 6:30 ਵਜੇ ਦੇ ਵਿਚਕਾਰ ਫਰਾਰ ਹੋ ਗਿਆ। ਉਸਨੇ ਕੱਪੜਿਆਂ ਤੋਂ ਬਣੀ ਰੱਸੀ ਦੀ ਵਰਤੋਂ ਕਰਕੇ ਜੇਲ੍ਹ ਦੀ ਕੰਧ ਟੱਪੀ।
ਕੀ ਹੈ ਪੂਰਾ ਮਾਮਲਾ?
ਗੋਵਿੰਦਾਚਾਮੀ 23 ਸਾਲਾ ਸੌਮਿਆ ਦੇ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਹ ਘਟਨਾ 1 ਫਰਵਰੀ, 2011 ਨੂੰ ਵਾਪਰੀ ਸੀ, ਜਦੋਂ ਸੌਮਿਆ ਏਰਨਾਕੁਲਮ ਤੋਂ ਸ਼ੋਰਾਨੂਰ ਜਾ ਰਹੀ ਇੱਕ ਯਾਤਰੀ ਰੇਲਗੱਡੀ ਵਿੱਚ ਸਫ਼ਰ ਕਰ ਰਹੀ ਸੀ।
ਸੌਮਿਆ, ਜੋ ਕੋਚੀ ਦੇ ਇੱਕ ਸ਼ਾਪਿੰਗ ਮਾਲ ਵਿੱਚ ਕੰਮ ਕਰਦੀ ਸੀ, ਰੇਲਗੱਡੀ ਦੇ ਇੱਕ ਮਹਿਲਾ ਕੋਚ ਵਿੱਚ ਸੀ। ਗੋਵਿੰਦਾਚਾਮੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਸਨੂੰ ਰੇਲਗੱਡੀ ਤੋਂ ਬਾਹਰ ਧੱਕ ਦਿੱਤਾ। ਗੋਵਿੰਦਾਚਾਮੀ ਨੇ ਵੀ ਰੇਲਗੱਡੀ ਤੋਂ ਛਾਲ ਮਾਰ ਦਿੱਤੀ ਅਤੇ ਜ਼ਖਮੀ ਔਰਤ ਨੂੰ ਵੱਲਾਥੋਲ ਨਗਰ ਨੇੜੇ ਪਟੜੀ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੈ ਗਿਆ, ਜਿੱਥੇ ਉਸਨੇ ਉਸ ਨਾਲ ਬਲਾਤਕਾਰ ਕੀਤਾ। ਸੌਮਿਆ ਪਟੜੀ 'ਤੇ ਮਿਲੀ ਅਤੇ ਉਸੇ ਸਾਲ 6 ਫਰਵਰੀ ਨੂੰ ਤ੍ਰਿਸ਼ੂਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ।
ਕਾਨੂੰਨੀ ਲੜਾਈ ਅਤੇ ਸਜ਼ਾ
2012 ਵਿੱਚ, ਇੱਕ ਫਾਸਟ-ਟਰੈਕ ਅਦਾਲਤ ਨੇ ਦੋਸ਼ੀ ਨੂੰ ਇੱਕ ਆਦਤਨ ਅਪਰਾਧੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਨੋਟ ਕੀਤਾ ਕਿ ਬੇਰਹਿਮੀ ਨਾਲ ਕੀਤੇ ਗਏ ਬਲਾਤਕਾਰ ਨੇ ਪੀੜਤਾ ਦੀ ਮੌਤ ਵਿੱਚ ਯੋਗਦਾਨ ਪਾਇਆ ਅਤੇ ਅਪਰਾਧ ਦੀ ਪ੍ਰਕਿਰਤੀ ਬੇਰਹਿਮ ਸੀ, ਜਿਸ ਨੇ ਸਮਾਜ ਨੂੰ ਹੈਰਾਨ ਕਰ ਦਿੱਤਾ ਸੀ।
ਹਾਲਾਂਕਿ, 2016 ਵਿੱਚ, ਸੁਪਰੀਮ ਕੋਰਟ ਨੇ ਗੋਵਿੰਦਾਚਾਮੀ ਵਿਰੁੱਧ ਕਤਲ ਦੇ ਦੋਸ਼ ਨੂੰ ਹਟਾ ਕੇ ਉਸਦੀ ਮੌਤ ਦੀ ਸਜ਼ਾ ਨੂੰ ਘਟਾ ਦਿੱਤਾ। ਫਿਰ ਵੀ, ਸਿਖਰਲੀ ਅਦਾਲਤ ਨੇ 23 ਸਾਲਾ ਸੇਲਜ਼ ਪ੍ਰਤੀਨਿਧੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਉਸਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਪੀੜਤ ਦੀ ਮਾਂ ਦੀ ਪ੍ਰਤੀਕਿਰਿਆ
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੌਮਿਆ ਦੀ ਮਾਂ ਨੇ ਸਵਾਲ ਕੀਤਾ ਕਿ ਦੋਸ਼ੀ ਜੇਲ੍ਹ ਤੋਂ ਕਿਵੇਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦਲੀਲ ਦਿੱਤੀ ਕਿ ਇਹ ਕਿਸੇ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ। ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਵਿੰਦਾਚਾਮੀ ਨੂੰ ਜੇਲ੍ਹ ਭੇਜਣ ਲਈ ਉਸਨੂੰ ਸੁਪਰੀਮ ਕੋਰਟ ਤੱਕ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪਈਆਂ ਸਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, "ਕਿਸੇ ਵੀ ਮਾਂ ਨੂੰ ਮੇਰੇ ਵਾਂਗ ਦਰਦ ਨਹੀਂ ਝੱਲਣਾ ਚਾਹੀਦਾ।"