ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਸਮਾਜ ਸੇਵੀ ਦਰਸ਼ਨ ਸਿੰਘ ਧਾਲੀਵਾਲ

ਰੱਖੜਾ ਭਰਾਵਾਂ ਵੱਲੋਂ ਹੜ੍ਹ ਪੀੜਤਾਂ ਲਈ ਲਈ 10 ਕਰੋੜ ਰੁਪਏ ਦੇਣ ਦਾ ਕੀਤਾ ਗਿਆ ਐਲਾਨ, ਅਸੀਂ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਕੇ ਕਰਾਂਗੇ ਮਦਦ: ਸੁਰਜੀਤ ਸਿੰਘ ਰੱਖੜਾ

Update: 2025-09-09 18:46 GMT

ਪੰਜਾਬ 'ਚ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ, ਇਸ ਵਿਚਕਾਰ ਕਾਫੀ ਸਾਰੀਆਂ ਸੰਸਥਾਵਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਕਾਫੀ ਸਾਰੇ ਪੰਜਾਬੀ ਫਿਲਮ ਇੰਡਸਟ੍ਰੀ ਦੇ ਕਲਾਕਾਰ ਅਤੇ ਬਾਲੀਵੁੱਡ ਦੇ ਕਲਾਕਾਰ ਵੀ ਮਦਦ ਲਈ ਅੱਗੇ ਆਏ ਹਨ। ਇਸੇ ਦੇ ਚੱਲਦਿਆਂ ਹੁਣ ਇੱਕ ਹੋਰ ਸਮਾਜ ਸੇਵੀ ਮਦਦ ਲਈ ਅੱਗੇ ਆਏ ਹਨ। ਅਮਰੀਕਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਤੇ ਉਨ੍ਹਾਂ ਦੇ ਭਰਾ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਅਤੇ ਉੱਘੇ ਸਮਾਜ ਸੇਵੀ ਸਰਦਾਰ ਚਰਨਜੀਤ ਸਿੰਘ ਰੱਖੜਾ ਵੱਲੋਂ ਮਦਦ ਦਾ ਐਲਾਨ ਕਰ ਦਿੱਤਾ ਗਿਆ ਹੈ। ਬਾਪੂ ਸੂਬੇਦਾਰ ਕਰਤਾਰ ਸਿੰਘ ਜੀ ਦੇ ਦਾਨੀ ਪਰਿਵਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ, ਦੇਖਣਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਲੋੜ ਅਨੁਸਾਰ ਲੋੜੀਂਦੀਆਂ ਜ਼ਰੂਰਤਾਂ ਅਤੇ ਮੁੜ ਵਸੇਬੇ ਲਈ 10 ਕਰੋੜ ਦੀ ਮਦਦ ਕਰਾਂਗੇ।

ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਇਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੇ ਭਰਾਵਾਂ ਦਰਸ਼ਨ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਰੱਖੜਾ ਨੇ ਇਹ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਤਾਮਿਲਨਾਡੂ 'ਚ ਜਦੋਂ ਸੁਨਾਮੀ ਆਈ ਸੀ ਤਾਂ ਇੱਕ ਮਹੀਨਾ ਉਨ੍ਹਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਗਈ ਸੀ ਅਤੇ ਨਾਲ ਹੀ ਉਨ੍ਹਾਂ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਜਿਸ 'ਚ ਤਿੰਨਾਂ ਭਰਾਵਾਂ ਵੱਲੋਂ ਬਹੁਤ ਮਦਦ ਕੀਤੀ ਗਈ ਸੀ। ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ 'ਚ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਆਪਣੇ ਭਰਾਵਾਂ ਸਮੇਤ ਖੁਦ ਪਹੁੰਚੇ ਸਨ ਅਤੇ ਕਿਸਾਨਾਂ ਦੀ ਮਦਦ ਕੀਤੀ ਗਈ ਸੀ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਇਸੇ ਤਰ੍ਹਾਂ ਹੁਣ ਵੀ ਅਸੀਂ ਖੁਦ ਸਰਵੇਅ ਕਰਾਂਗੇ ਤੇ ਜਿੱਥੇ ਲੋੜ ਹੋਵੇਗੀ ਅਸੀਂ ਆਪਣੀਆਂ ਟੀਮਾਂ ਨਾਲ ਪਹੁੰਚਾਂਗੇ। ਅਖੀਰ 'ਚ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ 'ਚ ਸਿਆਸਤ ਨੂੰ ਛੱਡ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜਿੰਨ੍ਹਾਂ ਹੋ ਸਕੇ ਉਨਾਂ ਸਾਨੂੰ ਸਹਿਯੋਗ ਦੇਣ ਦੀ ਲੋੜ ਹੈ।

Tags:    

Similar News