ਸਿੰਗਾਪੁਰ: ਭਾਰਤੀ ਨੂੰ ਛੇੜਛਾੜ ਦੇ ਦੋਸ਼ 'ਚ ਕੈਦ ਤੇ ਤੇ ਰੋਜ਼ ਕੁਟਾਪਾ ਵੀ ਚੜ੍ਹੇਗਾ
ਇੱਕ 31 ਸਾਲਾ ਔਰਤ ਨੂੰ ਜ਼ਬਰਦਸਤੀ ਅੰਦਰ ਖਿੱਚਿਆ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।
ਸਿੰਗਾਪੁਰ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਾਰਤੀ ਨਾਗਰਿਕ ਅਤੇ ਸਥਾਈ ਨਿਵਾਸੀ ਅੰਕਿਤ ਸ਼ਰਮਾ ਨੂੰ ਇੱਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਅਤੇ ਛੇ ਕੋੜਿਆਂ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ 1 ਮਾਰਚ, 2023 ਨੂੰ ਚਾਂਗੀ ਸਿਟੀ ਪੁਆਇੰਟ ਮਾਲ ਦੇ ਇੱਕ ਨਰਸਿੰਗ ਰੂਮ ਵਿੱਚ ਵਾਪਰੀ ਸੀ, ਜਿੱਥੇ 46 ਸਾਲਾ ਸ਼ਰਮਾ ਨੇ ਇੱਕ 31 ਸਾਲਾ ਔਰਤ ਨੂੰ ਜ਼ਬਰਦਸਤੀ ਅੰਦਰ ਖਿੱਚਿਆ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।
ਪੀੜਤ ਦਾ ਬਿਆਨ ਅਤੇ ਦੋਸ਼ਾਂ ਦਾ ਵੇਰਵਾ
ਡਿਪਟੀ ਪਬਲਿਕ ਪ੍ਰੌਸੀਕਿਊਟਰ ਸ਼ੈਲਡਨ ਲਿਮ ਅਨੁਸਾਰ, ਪੀੜਤ ਔਰਤ ਪਹਿਲੀ ਵਾਰ ਸ਼ਰਮਾ ਨੂੰ ਇੱਕ ਪੇਸ਼ੇਵਰ ਮੁਲਾਕਾਤ ਲਈ ਮਿਲੀ ਸੀ। ਬਾਰ ਵਿੱਚ ਸ਼ਰਾਬ ਪੀਣ ਤੋਂ ਬਾਅਦ, ਸ਼ਰਮਾ ਨੇ ਅਸ਼ਲੀਲ ਅਤੇ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਜਦੋਂ ਔਰਤ ਬਾਥਰੂਮ ਗਈ ਅਤੇ ਵਾਪਸ ਆਈ, ਤਾਂ ਸ਼ਰਮਾ ਨੇ ਉਸਨੂੰ ਫੜ ਲਿਆ ਅਤੇ ਇੱਕ ਨੇੜਲੇ ਨਰਸਿੰਗ ਰੂਮ ਵਿੱਚ ਘਸੀਟ ਲਿਆ। ਔਰਤ ਦੇ ਵਿਰੋਧ ਦੇ ਬਾਵਜੂਦ, ਉਸਨੇ ਵਾਰ-ਵਾਰ ਜਿਨਸੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਅਦਾਲਤ ਵਿੱਚ ਸ਼ਰਮਾ ਦੀ ਦਲੀਲ
ਅੰਕਿਤ ਸ਼ਰਮਾ ਨੇ ਅਦਾਲਤ ਵਿੱਚ ਆਪਣੀ ਸਫਾਈ ਦਿੰਦਿਆਂ ਦਾਅਵਾ ਕੀਤਾ ਕਿ ਔਰਤ ਨੇ ਸੈਕਸ ਲਈ ਸਹਿਮਤੀ ਦਿੱਤੀ ਸੀ ਅਤੇ ਨਰਸਿੰਗ ਰੂਮ ਵਿੱਚ ਜਾਣ ਦਾ ਸੁਝਾਅ ਵੀ ਉਸੇ ਨੇ ਦਿੱਤਾ ਸੀ। ਉਸਦੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਔਰਤ ਸਿਰਫ ਉਸਦੇ ਮੂੰਹ ਦੀ ਬਦਬੂ ਕਾਰਨ ਨਾਰਾਜ਼ ਹੋ ਗਈ ਸੀ। ਹਾਲਾਂਕਿ, ਅਦਾਲਤ ਨੇ ਸ਼ਰਮਾ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਉਸਨੂੰ ਦੋਸ਼ੀ ਕਰਾਰ ਦਿੱਤਾ। ਇਸਤਗਾਸਾ ਪੱਖ ਨੇ ਇਸ ਅਪਰਾਧ ਨੂੰ ਬਹੁਤ ਗੰਭੀਰ ਅਤੇ ਲੰਬੇ ਸਮੇਂ ਦੇ ਮਾਨਸਿਕ ਸਦਮੇ ਦਾ ਕਾਰਨ ਦੱਸਿਆ।
ਸ਼ਰਮਾ ਨੂੰ ਇਸ ਅਪਰਾਧ ਲਈ 2 ਤੋਂ 10 ਸਾਲ ਦੀ ਕੈਦ ਅਤੇ ਕੋੜੇ ਮਾਰਨ ਦੀ ਸਜ਼ਾ ਹੋ ਸਕਦੀ ਸੀ। ਅਦਾਲਤ ਨੇ ਅੰਤ ਵਿੱਚ ਸਰਕਾਰੀ ਵਕੀਲ ਦੀ ਸਿਫਾਰਸ਼ ਨੂੰ ਮੰਨਦੇ ਹੋਏ ਉਸਨੂੰ 4 ਸਾਲ ਦੀ ਕੈਦ ਅਤੇ 6 ਕੋੜਿਆਂ ਦੀ ਸਜ਼ਾ ਸੁਣਾਈ।