Shere-Punjab Maharaja Ranjit Singh ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਵੇਗਾ ਸਿੱਖ ਜਥਾ, SGPC ਪਾਸਪੋਰਟਾਂ ਦੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ।

Update: 2026-03-25 10:12 GMT

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾ ਨੇ ਦੱਸਿਆ ਕਿ ਸਿੱਖ ਸੰਗਤਾਂ ਹਮੇਸ਼ਾ ਅਰਦਾਸ ਕਰਦੀਆਂ ਹਨ ਕਿ ਉਨ੍ਹਾਂ ਨੂੰ ਵੰਡ ਵੇਲੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਨਸੀਬ ਹੋਣ।



ਹਾਲਾਂਕਿ ਸਰਕਾਰੀ ਪ੍ਰੋਟੋਕੋਲ ਮੁਤਾਬਕ ਸਾਲ ਵਿੱਚ ਚਾਰ ਜਥੇ ਪਾਕਿਸਤਾਨ ਜਾਂਦੇ ਹਨ, ਜਿਨ੍ਹਾਂ ਵਿੱਚੋਂ ਤੀਜਾ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰਵਾਨਾ ਹੁੰਦਾ ਹੈ। ਸ. ਕਾਹਲਵਾ ਨੇ ਦੱਸਿਆ ਕਿ ਇਸ ਜਥੇ ਦੀ ਰਵਾਨਗੀ 21 ਜੂਨ 2026 ਨੂੰ ਸ੍ਰੀ ਅੰਮ੍ਰਿਤਸਰ ਤੋਂ ਹੋਵੇਗੀ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਜਥਾ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ। 22 ਜੂਨ ਨੂੰ ਸੰਗਤਾਂ ਗੁਰਦੁਆਰਾ ਸੱਚਾ ਸੌਦਾ (ਮੰਡੀ ਚੂੜਕਾਣਾ) ਦੇ ਦਰਸ਼ਨ ਕਰਕੇ ਵਾਪਸ ਨਨਕਾਣਾ ਸਾਹਿਬ ਪਰਤਣਗੀਆਂ।



ਇਸ ਤੋਂ ਬਾਅਦ 23 ਜੂਨ ਨੂੰ ਜਥਾ ਸ੍ਰੀ ਪੰਜਾ ਸਾਹਿਬ ਜਾਵੇਗਾ ਅਤੇ 25 ਜੂਨ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ। 27 ਜੂਨ ਨੂੰ ਗੁਰਦੁਆਰਾ ਰੋੜੀ ਸਾਹਿਬ (ਏਮਨਾਬਾਦ) ਦੇ ਦਰਸ਼ਨ ਕਰਦਿਆਂ ਸ਼ਾਮ ਨੂੰ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਲਾਹੌਰ ਪਹੁੰਚੇਗਾ। ਇੱਥੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ ਜਾਵੇਗੀ ਅਤੇ 30 ਜੂਨ ਨੂੰ ਜਥਾ ਵਾਪਸ ਭਾਰਤ ਪਰਤ ਆਵੇਗਾ।



ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਕੁੱਲ 500 ਦੇ ਕੋਟੇ ਵਿੱਚੋਂ ਸ਼੍ਰੋਮਣੀ ਕਮੇਟੀ ਲਈ 300 ਜਾਤਰੂਆਂ ਦਾ ਕੋਟਾ ਨਿਰਧਾਰਿਤ ਹੈ। ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੇ ਮਾਈ-ਭਾਈ ਇਸ ਜਥੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਆਪਣੇ ਪਾਸਪੋਰਟ 31 ਮਾਰਚ 2026 ਤੱਕ ਹਰ ਹਾਲ ਵਿੱਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਮ੍ਹਾਂ ਕਰਵਾ ਦੇਣ। ਪਾਸਪੋਰਟ ਦੇ ਨਾਲ ਆਧਾਰ ਕਾਰਡ ਦੀ ਕਾਪੀ ਅਤੇ ਆਪਣੇ ਹਲਕਾ ਮੈਂਬਰ ਦੀ ਤਸਦੀਕ ਕਰਵਾਉਣੀ ਲਾਜ਼ਮੀ ਹੈ, ਤਾਂ ਜੋ ਵੀਜ਼ਾ ਪ੍ਰਕਿਰਿਆ ਅਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਸਮੇਂ ਸਿਰ ਮੁਕੰਮਲ ਕੀਤੀ ਜਾ ਸਕੇ।

 

Tags:    

Similar News