Vancouver Island: ਨੇੜੇ ਸਮੁੰਦਰ ‘ਚ ਜਹਾਜ਼ ਦਾ ਕਰਮਚਾਰੀ ਲਾਪਤਾ : ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਕਨੇਡਾ ਦੇ ਵੈਨਕੂਵਰ ਆਈਲੈਂਡ ਅਤੇ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਵਿਚਕਾਰਲੇ ਸਮੁੰਦਰੀ ਇਲਾਕੇ ਜੁਆਨ ਡੀ ਫੂਕਾ ਸਟ੍ਰੇਟ ਵਿੱਚ ਇੱਕ ਕੰਟੇਨਰ ਜਹਾਜ਼ ਦਾ ਕਰਮਚਾਰੀ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕੀ ਕੋਸਟ ਗਾਰਡ ਵੱਲੋਂ ਇਸ ਇਲਾਕੇ ‘ਚ ਜਹਾਜ਼ਰਾਨੀ ਕਰਨ ਵਾਲੇ ਸਾਰੇ ਮੈਰੀਨਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲਾਪਤਾ ਵਿਅਕਤੀ ਲੱਭਣ ਵਿੱਚ ਸਹਿਯੋਗ ਕੀਤਾ ਜਾਵੇ
ਕੋਸਟ ਗਾਰਡ ਦੇ ਮੁਤਾਬਕ ਐਮਐੱਸਸੀ ਜੈਸਮਿਨ ਐਕਸ ਨਾਮਕ ਕੰਟੇਨਰ ਜਹਾਜ਼ ‘ਤੇ ਤਾਇਨਾਤ ਇੱਕ ਕਰਮਚਾਰੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਵਾਈ ਅਤੇ ਸਮੁੰਦਰੀ ਸਾਧਨਾਂ ਰਾਹੀਂ ਵੱਡੇ ਪੱਧਰ ‘ਤੇ ਤਲਾਸ਼ੀ ਕਾਰਵਾਈ ਚਲਾਈ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰ ਵਿੱਚ ਮੌਸਮੀ ਹਾਲਾਤਾਂ ਅਤੇ ਤੇਜ਼ ਛੱਲਾਂ
ਕਾਰਨ ਖੋਜ ਕਾਰਜ ਚੁਣੌਤੀਪੂਰਨ ਬਣਿਆ ਹੋਇਆ ਹੈ। ਇਸ ਲਈ ਇਲਾਕੇ ‘ਚ ਮੌਜੂਦ ਸਾਰੇ ਵਪਾਰਕ ਅਤੇ ਨਿੱਜੀ ਜਹਾਜ਼ਾਂ ਦੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਸਮੁੰਦਰ ‘ਚ ਕੋਈ ਵੀ ਸ਼ੱਕੀ ਨਿਸ਼ਾਨੀ ਜਾਂ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਕੋਸਟ ਗਾਰਡ ਨਾਲ ਸੰਪਰਕ ਕੀਤਾ ਜਾਵੇ।
ਕੋਸਟ ਗਾਰਡ ਵੱਲੋਂ ਲਾਪਤਾ ਕਰਮਚਾਰੀ ਦੀ ਪਛਾਣ ਸਬੰਧੀ ਹੋਰ ਵੇਰਵੇ ਹਾਲੇ ਜਾਰੀ ਨਹੀਂ ਕੀਤੇ ਗਏ ਹਨ।