ਗੁਰਦਾਸਪੁਰ 'ਚ ਸਰਪੰਚ ਦੀ ਬੋਲੀ ਦਾ ਮਾਮਲਾ: ਹਾਈਕੋਰਟ 'ਚ ਸੁਣਵਾਈ ਅੱਜ

Update: 2024-10-03 06:33 GMT

ਚੰਡੀਗੜ੍ਹ : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਇਸ ਨੂੰ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕਰਾਰ ਦਿੰਦਿਆਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ 'ਤੇ ਅੱਜ ਯਾਨੀ ਵੀਰਵਾਰ ਨੂੰ ਸੁਣਵਾਈ ਹੋ ਰਹੀ ਹੈ।

ਇਹ ਪਟੀਸ਼ਨ ਐਡਵੋਕੇਟ ਸਤਿੰਦਰ ਕੌਰ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਉਨ੍ਹਾਂ ਵੱਲੋਂ ਅਦਾਲਤ ਵਿੱਚ ਦੱਸਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ। ਪੰਜਾਬ ਚੋਣਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਕਈ ਥਾਵਾਂ ’ਤੇ ਸਰਪੰਚ ਦੇ ਅਹੁਦੇ ਲਈ ਬੋਲੀ ਹੋ ਰਹੀ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦਾ ਅਹੁਦਾ ਵੇਚਣਾ ਗੈਰ-ਸੰਵਿਧਾਨਕ ਹੈ। ਚੋਣਾਂ ਵਿੱਚ ਬੋਲੀ ਲਗਾ ਕੇ ਚੋਣ ਜ਼ਾਬਤੇ ਅਤੇ ਪੰਜਾਬ ਰਾਜ ਚੋਣ ਐਕਟ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਅਦਾਲਤ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

Tags:    

Similar News