ਰਾਜ ਸਭਾ ਮੈਂਬਰ ਸੀਚੇਵਾਲ ਦੀ ਕੇਂਦਰ ਨੂੰ ਸ਼ਿਕਾਇਤ
ਕਿਹਾ, ਜਲੰਧਰ ਖੇਤਰੀ ਪਾਸਪੋਰਟ ਦਫ਼ਤਰ 'ਚ ਹੋ ਰਹੀ ਹੈ ਗੜਬੜ ਕੇਂਦਰ ਜਾਂਚ ਕਰੇ
ਜਲੰਧਰ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ) ਖ਼ਿਲਾਫ਼ ਕੇਂਦਰ ਸਰਕਾਰ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ ਆਰਪੀਓ ਦਫ਼ਤਰ ਵਿੱਚ ਮਾੜੇ ਸਿਸਟਮ ਅਤੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਲੰਧਰ ਆਰਪੀਓ ਨੂੰ ਲੈ ਕੇ ਕੇਂਦਰੀ ਏਜੰਸੀ ਸੀਬੀਆਈ ਵੱਲੋਂ ਜਾਂਚ ਕੀਤੀ ਗਈ ਸੀ। ਜਿਸ ਤੋਂ ਬਾਅਦ ਸੀਬੀਆਈ ਨੇ 16 ਫਰਵਰੀ ਨੂੰ ਛਾਪੇਮਾਰੀ ਕੀਤੀ ਅਤੇ ਰਿਜਨਲ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਸਮੇਤ 2 ਸਹਾਇਕ ਪਾਸਪੋਰਟ ਅਫਸਰਾਂ ਹਰਿਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ।
ਸੰਤ ਸੀਚੇਵਾਲ ਨੇ ਦੱਸਿਆ ਕਿ ਸਭ ਤੋਂ ਵੱਧ ਪਾਸਪੋਰਟ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਿੱਚ ਬਣਦੇ ਹਨ। ਇਸ ਦਫ਼ਤਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਨਵਾਂ ਪਾਸਪੋਰਟ ਬਣਵਾਉਣ, ਇਸ ਨੂੰ ਰੀਨਿਊ ਕਰਵਾਉਣ ਅਤੇ ਪਾਸਪੋਰਟ ਠੀਕ ਕਰਵਾਉਣ ਲਈ ਆਉਂਦੇ ਹਨ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਲੰਧਰ ਪਾਸਪੋਰਟ ਦਫਤਰ 'ਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਸਪੋਰਟ ਦਫਤਰ ਦੇ ਮੁਲਾਜ਼ਮਾਂ ਦਾ ਰਵੱਈਆ ਲੋਕਾਂ ਪ੍ਰਤੀ ਕਾਫੀ ਨਿਰਾਸ਼ਾਜਨਕ ਹੈ, ਜਿਸ ਦਾ ਸਿੱਧਾ ਅਸਰ ਕੇਂਦਰ ਸਰਕਾਰ ਦੇ ਅਕਸ 'ਤੇ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਾਸਪੋਰਟ ਜਾਰੀ ਕਰਨ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਅਤੇ ਉਨ੍ਹਾਂ ਨੂੰ ਜਲਦੀ ਪਾਸਪੋਰਟ ਜਾਰੀ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪਾਸਪੋਰਟ ਦਫ਼ਤਰ ਵਿੱਚ ਕੇਂਦਰ ਸਰਕਾਰ ਦੇ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।