ਛਾਪੇਮਾਰੀ ਲਈ ਗਈ ED ਟੀਮ 'ਤੇ ਹਮਲਾ, ਸੀਨੀਅਰ ਅਧਿਕਾਰੀ ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਸਾਈਬਰ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਛਾਪੇਮਾਰੀ ਕਰਨ ਆਈ ਸੀ।;
ਨਵੀਂ ਦਿੱਲੀ : ਦਿੱਲੀ 'ਚ ਛਾਪੇਮਾਰੀ ਕਰਨ ਗਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ 'ਤੇ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਵਧੀਕ ਡਾਇਰੈਕਟਰ ਪੱਧਰ ਦੇ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਦੀ ਟੀਮ ਛਾਪੇਮਾਰੀ ਕਰਨ ਲਈ ਰਾਜਧਾਨੀ ਦੇ ਬਿਜਵਾਸਨ ਇਲਾਕੇ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਪੰਜ ਵਿਅਕਤੀ ਮੌਜੂਦ ਸਨ, ਜਿਨ੍ਹਾਂ 'ਚੋਂ ਇਕ ਭੱਜਣ 'ਚ ਕਾਮਯਾਬ ਹੋ ਗਿਆ। ਦੋਸ਼ੀ ਖਿਲਾਫ ਦਿੱਲੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਸਾਈਬਰ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਛਾਪੇਮਾਰੀ ਕਰਨ ਆਈ ਸੀ। ਇਹ ਜਾਂਚ ਪੀਪੀਪੀਵਾਈਐਲ ਸਾਈਬਰ ਐਪ ਧੋਖਾਧੜੀ ਮਾਮਲੇ ਨਾਲ ਸਬੰਧਤ ਹੈ। ਇਹ ਘਟਨਾ ਕਾਪਾਸ਼ੇਰਾ ਥਾਣਾ ਖੇਤਰ ਦੇ ਬਿਜਵਾਸਨ ਇਲਾਕੇ ਦੀ ਹੈ। ਈਡੀ ਦੀ ਟੀਮ 'ਏਕੇ ਫਾਰਮ' ਨਾਮਕ ਫਾਰਮ ਹਾਊਸ 'ਤੇ ਛਾਪਾ ਮਾਰਨ ਪਹੁੰਚੀ ਸੀ। ਸੂਤਰਾਂ ਨੇ ਦੱਸਿਆ ਕਿ ਮਾਮਲੇ ਦੇ ਦੋਸ਼ੀ ਅਸ਼ੋਕ ਸ਼ਰਮਾ ਅਤੇ ਉਸ ਦੇ ਭਰਾ ਨੇ ਈਡੀ ਟੀਮ 'ਤੇ ਹਮਲਾ ਕੀਤਾ। ਅਧਿਕਾਰੀਆਂ ਮੁਤਾਬਕ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ।