ਮਹਾਰਾਸ਼ਟਰ ਸਰਕਾਰ 'ਚ ਰੇੜਕਾ ਜਾਰੀ, ਰੁੱਸ ਗਏ ਏਕਨਾਥ ਸ਼ਿੰਦੇ ?

ਦੱਸਿਆ ਜਾ ਰਿਹਾ ਹੈ ਕਿ ਵੱਡੇ ਮੰਤਰਾਲਿਆਂ 'ਤੇ ਮਤਭੇਦ ਸੁਲਝਾਉਣ ਤੋਂ ਬਾਅਦ ਵੀ ਗਠਜੋੜ ਸਰਕਾਰ 'ਚ ਕੁਝ ਮੁੱਦਿਆਂ 'ਤੇ ਖਹਿਬਾਜ਼ੀ ਜਾਰੀ ਹੈ। ਸੰਭਾਵਨਾਵਾਂ ਹਨ ਕਿ ਮੰਤਰੀ ਮੰਡਲ ਦਾ ਵਿਸਥਾਰ ਇਸ

Update: 2024-12-12 05:32 GMT

ਮਹਾਰਾਸ਼ਟਰ : ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਵਿਚ ਭਾਜਪਾ ਦੀ ਮਦਦ ਕਰ ਕੇ ਸਰਕਾਰ ਤਾਂ ਬਣਾ ਦਿੱਤੀ ਹੈ ਪਰ ਲੱਗ ਇਵੇ ਰਿਹਾ ਹੈ ਕਿ ਏਕਨਾਥ ਸ਼ਿੰਦੇ ਰੁਸ ਗਏ ਹਨ। ਦਰਅਸਲ ਮਹਾਰਾਸ਼ਟਰ ਵਿੱਚ ਮਹਾਯੁਤੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਸਿਆਸੀ ਡਰਾਮਾ ਜਾਰੀ ਹੈ। ਖ਼ਬਰਾਂ ਹਨ ਕਿ ਦਿੱਲੀ ਵਿੱਚ ਹਾਈਕਮਾਂਡ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਨਾਲ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਮੌਜੂਦ ਨਹੀਂ ਸਨ।

ਦੱਸਿਆ ਜਾ ਰਿਹਾ ਹੈ ਕਿ ਵੱਡੇ ਮੰਤਰਾਲਿਆਂ 'ਤੇ ਮਤਭੇਦ ਸੁਲਝਾਉਣ ਤੋਂ ਬਾਅਦ ਵੀ ਗਠਜੋੜ ਸਰਕਾਰ 'ਚ ਕੁਝ ਮੁੱਦਿਆਂ 'ਤੇ ਖਹਿਬਾਜ਼ੀ ਜਾਰੀ ਹੈ। ਸੰਭਾਵਨਾਵਾਂ ਹਨ ਕਿ ਮੰਤਰੀ ਮੰਡਲ ਦਾ ਵਿਸਥਾਰ ਇਸ ਹਫਤੇ ਹੋ ਸਕਦਾ ਹੈ। ਰਿਪੋਰਟ ਮੁਤਾਬਕ ਸ਼ਿਵ ਸੈਨਾ ਮੁਖੀ ਦੇ ਦਫਤਰ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਿੰਦੇ ਬੁੱਧਵਾਰ ਨੂੰ ਹੋਈ ਬੈਠਕ 'ਚ ਮੌਜੂਦ ਨਹੀਂ ਸਨ। ਇਹ ਮੀਟਿੰਗ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਸੂਬੇ ਵਿੱਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਰਿਪੋਰਟ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਮੁਖੀ ਜਗਤ ਪ੍ਰਕਾਸ਼ ਨੱਡਾ ਨਾਲ ਮੀਟਿੰਗ ਵਿੱਚ ਅਜੀਤ ਪਵਾਰ ਵੀ ਸ਼ਾਮਲ ਸਨ।

ਖਾਸ ਗੱਲ ਇਹ ਹੈ ਕਿ ਪਹਿਲਾਂ ਸ਼ਿੰਦੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਨਾ ਜਾਣ ਦਾ ਫੈਸਲਾ ਕੀਤਾ। ਅਖ਼ਬਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਸ਼ਿੰਦੇ ਪੱਖ ਨੂੰ ਸ਼ਹਿਰੀ ਵਿਕਾਸ ਵਿਭਾਗ ਤੋਂ ਇਲਾਵਾ ਕੋਈ ਵੱਡਾ ਮੰਤਰਾਲਾ ਨਹੀਂ ਦਿੱਤਾ ਗਿਆ। ਉਹ ਰੈਵੇਨਿਊ, ਪਬਲਿਕ ਵਰਕਸ, ਐਮਐਸਆਰਡੀਸੀ, ਹਾਊਸਿੰਗ ਅਤੇ ਇੰਡਸਟਰੀ ਵਿੱਚ ਦਿਲਚਸਪੀ ਦਿਖਾ ਰਹੇ ਸਨ, ਪਰ ਭਾਜਪਾ ਨੇ ਇਹ ਮੰਗ ਨਹੀਂ ਮੰਨੀ।

ਦੱਸਿਆ ਜਾਂਦਾ ਹੈ ਕਿ ਸ਼ਿੰਦੇ ਭਾਜਪਾ ਦੀ ਇਸ ਹਾਲਤ ਤੋਂ ਵੀ ਨਾਖੁਸ਼ ਸਨ ਕਿ ਪਿਛਲੀ ਸਰਕਾਰ 'ਚ ਜਿਨ੍ਹਾਂ ਆਗੂਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਉਨ੍ਹਾਂ ਨੂੰ ਨਹੀਂ ਚੁਣਿਆ ਜਾਵੇਗਾ। ਸ਼ਿੰਦੇ ਦੇ ਕਰੀਬੀ ਵਿਅਕਤੀ ਨੇ ਅਖਬਾਰ ਨਾਲ ਗੱਲ ਕਰਦੇ ਹੋਏ ਕਿਹਾ, 'ਇਸ ਪੂਰੀ ਪ੍ਰਕਿਰਿਆ 'ਚ ਜਿਸ ਤਰ੍ਹਾਂ ਨਾਲ ਉਨ੍ਹਾਂ ਨਾਲ ਵਿਵਹਾਰ ਕੀਤਾ ਗਿਆ, ਉਸ ਤੋਂ ਸ਼ਿੰਦੇ ਵੀ ਨਾਖੁਸ਼ ਹਨ।' “ਉਨ੍ਹਾਂ ਨੂੰ ਹਰ ਚੀਜ਼ ਨੂੰ ਤੋਲਣਾ ਪਿਆ,” । ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸੱਤਾ ਵਿੱਚ ਉਨ੍ਹਾਂ ਦਾ ਬਣਦਾ ਹਿੱਸਾ ਨਹੀਂ ਦਿੱਤਾ ਗਿਆ। ਜਦਕਿ ਮਹਾਰਾਸ਼ਟਰ 'ਚ ਮਹਾਯੁਤੀ ਦੀ ਜਿੱਤ 'ਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ।

ਸੂਬਾ ਸਰਕਾਰ 'ਚ ਵਿਭਾਗਾਂ ਨੂੰ ਲੈ ਕੇ ਚੱਲ ਰਹੀਆਂ ਮੀਟਿੰਗਾਂ ਦੀ ਗੱਲ ਕਰੀਏ ਤਾਂ ਤਿੰਨੋਂ ਪਾਰਟੀਆਂ ਇਕ ਫਾਰਮੂਲੇ 'ਤੇ ਸਹਿਮਤ ਨਜ਼ਰ ਆਈਆਂ, ਜਿਸ ਤਹਿਤ ਭਾਜਪਾ ਨੂੰ 22, ਸ਼ਿਵ ਸੈਨਾ ਨੂੰ 11 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ 10 ਅਹੁਦੇ ਮਿਲਣਗੇ। ਖਾਸ ਗੱਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਵਿੱਚ ਸੀਐਮ ਸਮੇਤ ਵੱਧ ਤੋਂ ਵੱਧ 43 ਮੰਤਰੀ ਹੋ ਸਕਦੇ ਹਨ।

ਹਾਲਾਂਕਿ ਇਹ ਵੀ ਖਬਰਾਂ ਹਨ ਕਿ ਵਿਭਾਗਾਂ ਦੀ ਗਿਣਤੀ ਵੀ ਬਦਲ ਸਕਦੀ ਹੈ। ਅਖਬਾਰ ਨੇ ਭਾਜਪਾ ਨੇਤਾਵਾਂ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਸ਼ਿਵ ਸੈਨਾ ਅਤੇ ਐੱਨਸੀਪੀ ਹੋਰ ਮੰਤਰੀ ਅਹੁਦੇ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਛੋਟੇ ਵਿਭਾਗਾਂ ਤੋਂ ਸੰਤੁਸ਼ਟ ਹੋਣਾ ਪਵੇਗਾ। ਇਧਰ ਗ੍ਰਹਿ ਮੰਤਰਾਲਾ ਭਾਜਪਾ ਦੇ ਖਾਤੇ ਵਿਚ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਮਾਲੀਆ ਵੀ ਆਪਣੇ ਕੋਲ ਰੱਖ ਸਕਦੀ ਹੈ।

ਚੈਨਲ ਮੁਤਾਬਕ ਭਾਜਪਾ ਦੇ ਇਕ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, '14 ਦਸੰਬਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋ ਸਕਦਾ ਹੈ। ਗ੍ਰਹਿ ਵਿਭਾਗ ਸ਼ਿਵ ਸੈਨਾ ਨੂੰ ਦੇਣ ਦੀ ਕੋਈ ਸੰਭਾਵਨਾ ਨਹੀਂ ਹੈ। ਸ਼ਿਵ ਸੈਨਾ ਨੂੰ ਸ਼ਹਿਰੀ ਵਿਕਾਸ ਦਿੱਤਾ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਮਾਲੀਆ ਨਹੀਂ ਮਿਲ ਸਕਦਾ। ਇਹ ਵੀ ਖ਼ਬਰਾਂ ਹਨ ਕਿ ਸਰਕਾਰ ਵਿੱਚ ਚਾਰ ਤੋਂ ਪੰਜ ਮੰਤਰੀ ਅਹੁਦੇ ਖਾਲੀ ਰੱਖੇ ਜਾਣਗੇ।

Tags:    

Similar News