ਕੈਨੇਡਾ 'ਚ ਪੰਜਾਬੀ YouTuber Nancy Grewal ਦਾ ਬੇਰਹਿਮੀ ਨਾਲ ਕਤਲ
ਘਰ 'ਚ ਵੜ ਕੇ ਮਾਰਿਆ ਚਾਕੂ, ਖਾਲਿਸਤਾਨੀਆਂ ਦੀ ਆਲੋਚਨਾ ਕਾਰਨ ਸੀ ਚਰਚਾ 'ਚ
ਕੈਨੇਡਾ 'ਚ ਪੰਜਾਬੀ ਯੂਟਿਊਬਰ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ; ਘਰ 'ਚ ਵੜ ਕੇ ਮਾਰਿਆ ਚਾਕੂ, ਖਾਲਿਸਤਾਨੀਆਂ ਦੀ ਆਲੋਚਨਾ ਕਾਰਨ ਸੀ ਚਰਚਾ 'ਚ
ਵਿੰਡਸਰ: 05 ਮਾਰਚ, 2026
ਕੈਨੇਡਾ ਦੇ ਵਿੰਡਸਰ ਇਲਾਕੇ ਵਿੱਚ ਰਹਿਣ ਵਾਲੀ ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਯੂਟਿਊਬਰ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਇੱਕ ਅਣਪਛਾਤਾ ਹਮਲਾਵਰ ਲਾਸਾਲੇ ਸਥਿਤ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ 45 ਸਾਲਾ ਨੈਨਸੀ 'ਤੇ ਚਾਕੂ ਨਾਲ ਕਈ ਵਾਰ ਕੀਤੇ। ਹਮਲਾਵਰ ਉਸ ਨੂੰ ਖੂਨ ਨਾਲ ਲਥਪਥ ਹਾਲਤ ਵਿੱਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖਮੀ ਹਾਲਤ ਵਿੱਚ ਨੈਨਸੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ। ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕਲ ਪੀਅਰਸ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੈਨਸੀ ਗਰੇਵਾਲ ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕ ਅਤੇ ਵਿਵਾਦਪੂਰਨ ਅੰਦਾਜ਼ ਲਈ ਜਾਣੀ ਜਾਂਦੀ ਸੀ। ਉਹ ਅਕਸਰ ਆਪਣੀਆਂ ਵੀਡੀਓਜ਼ ਵਿੱਚ ਖਾਲਿਸਤਾਨੀ ਗਤੀਵਿਧੀਆਂ ਦੀ ਤਿੱਖੀ ਆਲੋਚਨਾ ਕਰਦੀ ਸੀ ਅਤੇ ਭਾਰਤੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਬੋਲਦੀ ਸੀ। ਹਾਲ ਹੀ ਵਿੱਚ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਡੇਰਾ ਬਿਆਸ ਦੇ ਮੁਖੀ ਬਾਰੇ ਵੀ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਉਹ ਕਈ ਲੋਕਾਂ ਦੇ ਨਿਸ਼ਾਨੇ 'ਤੇ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਗਾਇਕ ਕੇ.ਐਸ. ਮੱਖਣ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵਰਗੇ ਸਿਆਸੀ ਆਗੂਆਂ ਵਿਰੁੱਧ ਵੀ ਖੁੱਲ੍ਹ ਕੇ ਬੋਲਦੀ ਰਹੀ ਸੀ।
ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਜੋਧਾਂ ਦੀ ਰਹਿਣ ਵਾਲੀ ਨੈਨਸੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਮਾਜ ਸੇਵਾ ਅਤੇ ਗਾਇਕੀ ਤੋਂ ਕੀਤੀ ਸੀ। ਉਹ ਆਮ ਆਦਮੀ ਪਾਰਟੀ (ਆਪ) ਵਿੱਚ ਵੀ ਕਾਫੀ ਸਰਗਰਮ ਰਹੀ ਅਤੇ ਸਾਲ 2015 ਤੱਕ ਪੰਜਾਬ ਵਿੱਚ ਕਈ ਸਟੇਜ ਪ੍ਰੋਗਰਾਮ ਕੀਤੇ ਸਨ। ਕੈਨੇਡਾ ਜਾਣ ਤੋਂ ਬਾਅਦ ਉਸ ਨੇ ਯੂਟਿਊਬ ਅਤੇ ਫੇਸਬੁੱਕ ਰਾਹੀਂ ਆਪਣੀ ਪਛਾਣ ਬਣਾਈ, ਜਿੱਥੇ ਉਹ ਹਿੰਦੀ ਫਿਲਮੀ ਗੀਤਾਂ 'ਤੇ ਰੀਲਾਂ ਬਣਾਉਣ ਦੇ ਨਾਲ-ਨਾਲ ਸਿਆਸੀ ਤੇ ਧਾਰਮਿਕ ਮੁੱਦਿਆਂ 'ਤੇ ਵੀਡੀਓ ਪਾਉਂਦੀ ਸੀ।
ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਨੈਨਸੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਕਤਲ ਤੋਂ ਬਾਅਦ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਵਿੱਚ ਸਹਿਮ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।