ਬਰੈਂਪਟਨ ਰਹਿੰਦੇ ਪੰਜਾਬੀ ਨੌਜਵਾਨ ਨੇ ਲਿਆ ਫਾਹਾ, ਢਾਈ ਸਾਲ ਪਹਿਲਾਂ ਆਇਆ ਸੀ ਕੈਨੇਡਾ
2 ਜੁਲਾਈ ਨੂੰ ਆਪਣੀ ਦਸਤਾਰ ਨਾਲ ਫਾਹਾ ਲੈ ਕੇ 26 ਸਾਲਾ ਲਵਪ੍ਰੀਤ ਨੇ ਕਰ ਲਈ ਖੁਦਕੁਸ਼ੀ, ਜ਼ਿੰਦਗੀ ਤੋਂ ਅੱਕ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਵਪ੍ਰੀਤ ਨੇ ਲਿਖਿਆ ਸੁਸਾਈਡ ਨੋਟ
ਬਰੈਂਪਟਨ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਕ ਪੰਜਾਬੀ ਨੌਜਵਾਨ 26 ਸਾਲ ਦਾ ਲਵਪ੍ਰੀਤ ਸਿੰਘ, ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। 2 ਜੁਲਾਈ, 2025 ਨੂੰ ਲਵਪ੍ਰੀਤ ਸਿੰਘ ਨੇ ਆਪਣੀ ਜਾਨ ਖੁਦ ਹੀ ਲੈ ਲਈ। ਲਗਭਗ ਢਾਈ ਸਾਲ ਪਹਿਲਾਂ ਕੈਨੇਡਾ ਆਇਆ ਮਾਪਿਆਂ ਦਾ ਇਕਲੌਤਾ ਪੁੱਤ ਲਵਪ੍ਰੀਤ ਬਹੁਤ ਪ੍ਰੇਸ਼ਾਨ ਸੀ। ਲਵਪ੍ਰੀਤ ਦੇ ਦੋਸਤ ਅੰਕਿਤ ਜੰਡੂ ਨੇ ਹਮਦਰਦ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲਵਪ੍ਰੀਤ ਨੇ 2 ਜੁਲਾਈ ਨੂੰ ਆਪਣੀ ਦਸਤਾਰ ਨਾਲ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਹ ਢਾਈ ਸਾਲ ਪਹਿਲਾਂ ਇੱਕ ਬਿਹਤਰ ਜ਼ਿੰਦਗੀ ਬਣਾਉਣ ਲਈ ਕੈਨੇਡਾ ਆਇਆ ਸੀ। ਲਵਪ੍ਰੀਤ ਪੰਜਾਬ ਤੋਂ ਅਬੋਹਰ ਨਾਲ ਸਬੰਧਿਤ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੇ ਅਚਾਨਕ ਦੇਹਾਂਤ ਨੇ ਉਨ੍ਹਾਂ ਨੂੰ ਬਹੁਤ ਦੁਖੀ ਕਰ ਦਿੱਤਾ ਹੈ।
ਦੋਸਤ ਨੇ ਅੱਗੇ ਦੱਸਿਆ ਕਿ ਲਵਪ੍ਰੀਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਜਿਸ 'ਚ ਉਸ ਨੇ ਲਿਖਿਆ ਕਿ ਉਹ ਜੋ ਵੀ ਕਰ ਰਿਹਾ ਹੈ ਆਪਣੀ ਮਰਜ਼ੀ ਨਾਲ ਹੀ ਕਰ ਰਿਹਾ ਹੈ। ਉਹ ਇਸ ਜ਼ਿੰਦਗੀ ਤੋਂ ਬਹੁਤ ਦੁੱਖੀ ਹੋ ਚੁੱਕਿਆ ਹੈ। ਉਸ ਨੇ ਨਾਲ ਇਹ ਵੀ ਲਿਖਿਆ ਕਿ ਮੇਰੀ ਮ੍ਰਿਤਕ ਦੇਹ ਨੂੰ ਭਾਰਤ ਨਾ ਭੇਜਿਆ ਜਾਵੇ, ਮੇਰਾ ਅੰਤਿਮ ਸਸਕਾਰ ਇੱਥੇ ਹੀ ਕਰ ਦਿੱਤਾ ਜਾਵੇ। ਮੈਂ ਕਿਸੇ 'ਤੇ ਭਾਰ ਨਹੀਂ ਪਾਉਣਾ ਚਾਹੁੰਦਾ। ਉਸ ਨੇ ਅੱਗੇ ਲਿਖਿਆ ਕਿ ਮੇਰੇ ਜਾਣ ਮਗਰੋਂ ਜੇਕਰ ਕੋਈ ਫੈਸਲਾ ਕਰਨਾ ਹੋਇਆ ਤਾਂ ਮੈਂ ਆਪਣੇ ਦੋਸਤ ਅੰਕਿਤ ਜੰਡੂ ਨੂੰ ਮੇਰੇ ਸਾਰੇ ਫੈਸਲੇ ਦੀ ਜ਼ਿੰਮੇਵਾਰੀ ਦਿੰਦਾ ਹਾਂ। ਅਖੀਰ 'ਤੇ ਉਸ ਨੇ ਲਿਖਿਆ 'ਆਈ ਐਮ ਡਨ ਵਿਦ ਦਿਸ ਲਾਈਫ।' ਲਵਪ੍ਰੀਤ ਦੇ ਦੋਸਤ ਅੰਕਿਤ ਜੰਡੂ ਨੇ ਅੱਗੇ ਦੱਸਿਆ ਕਿ ਲਵਪ੍ਰੀਤ ਭਾਰਤ ਦੀ ਜ਼ਿੰਦਗੀ ਤੋਂ ਵੀ ਅੱਕ ਗਿਆ ਸੀ, ਇਸੀ ਕਾਰਨ ਉਹ ਕੈਨੇਡਾ ਆਇਆ ਸੀ। ਪਰ ਕੈਨੇਡਾ ਦੀ ਜ਼ਿੰਦਗੀ ਵੀ ਉਸ ਨੂੰ ਚੰਗੀ ਨਹੀਂ ਲੱਗੀ। ਉਹ ਇੱਥੇ ਵੀ ਬਹੁਤ ਪ੍ਰੇਸ਼ਾਨ ਰਹਿੰਦਾ ਸੀ, ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ।
ਅੰਕਿਤ ਨੇ ਦੱਸਿਆ ਕਿ ਲਵਪ੍ਰੀਤ ਨੇ ਪਹਿਲਾਂ ਵੀ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਦੋਵੇਂ ਵਾਰੀ ਉਸ ਨੂੰ ਸਮੇਂ ਸਿਰ ਹਸਪਤਾਲ ਲਿਜਾ ਕੇ ਬਚਾ ਲਿਆ ਗਿਆ। ਇਸੀ ਕਾਰਨ ਦੋਸਤਾਂ ਨੇ ਫੈਸਲਾ ਕੀਤਾ ਕਿ ਹੁਣ ਲਵਪ੍ਰੀਤ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ। ਅੰਕਿਤ ਉਸ ਦੇ ਨਾਲ ਰਹਿਣ ਲੱਗਾ ਪਰ ਮੌਕਾ ਮਿਲਦੇ ਹੀ ਲਵਪ੍ਰੀਤ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਲਵਪ੍ਰੀਤ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ। 2 ਸਾਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਵਰਕ ਪਰਮਿਟ 'ਤੇ ਸੀ। 6 ਮਹੀਨੇ ਪਹਿਲਾਂ ਹੀ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਅੰਕਿਤ ਨੇ ਕਿਹਾ ਕਿ ਲਵਪ੍ਰੀਤ ਦੀ ਲਾਸ਼ ਨੂੰ ਉਸਦੇ ਅੰਤਿਮ ਸਸਕਾਰ ਲਈ ਭਾਰਤ ਵਾਪਸ ਭੇਜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ। ਇਹ ਫੰਡ ਉਸਦੀ ਲਾਸ਼ ਨੂੰ ਭੇਜਣ ਅਤੇ ਅੰਤਿਮ ਸਸਕਾਰ ਦੇ ਖਰਚਿਆਂ ਨੂੰ ਪੂਰਾ ਕਰਨਗੇ। ਉਸ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਮੁਸ਼ਕਲ ਸਮੇਂ ਦੌਰਾਨ ਉਸਦੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਵਿਚਾਰ ਕੀਤਾ ਜਾਵੇ। ਕੋਈ ਵੀ ਦਾਨ, ਵੱਡਾ ਜਾਂ ਛੋਟਾ, ਉਨ੍ਹਾਂ ਦੇ ਪੁੱਤਰ ਨੂੰ ਅੰਤਿਮ ਸਸਕਾਰ ਦੇਣ ਅਤੇ ਉਸਨੂੰ ਵਿਦਾਈ ਦੇਣ 'ਚ ਸਹਾਇਤਾ ਕਰੇਗਾ ਜਿਸਦੇ ਉਹ ਹੱਕਦਾਰ ਹਨ।