ਬੈਂਗਲੁਰੂ ਕਾਲੋਨੀ ਨੂੰ 'ਪਾਕਿਸਤਾਨ' ਕਹਿਣ ਵਾਲੇ ਜੱਜ ਦੀਆਂ ਵਧੀਆਂ ਮੁਸ਼ਕਲਾਂ

Update: 2024-09-27 05:36 GMT

ਨਵੀਂ ਦਿੱਲੀ : ਇਕ ਮਾਮਲੇ ਦੀ ਸੁਣਵਾਈ ਦੌਰਾਨ ਬੇਂਗਲੁਰੂ ਦੀ ਇਕ ਕਾਲੋਨੀ ਨੂੰ 'ਪਾਕਿਸਤਾਨ' ਕਹਿ ਕੇ ਸੰਬੋਧਿਤ ਕਰਨ ਵਾਲੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਵੀ ਸ਼੍ਰੀਸ਼ਾਨੰਦ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਤਬਾਦਲੇ 'ਤੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਵੀ ਵਿਚਾਰ ਕੀਤਾ ਹੈ। ਉਸ ਨੂੰ ਕਰਨਾਟਕ ਹਾਈਕੋਰਟ ਤੋਂ ਬਾਹਰ ਕਿਸੇ ਹੋਰ ਹਾਈਕੋਰਟ 'ਚ ਭੇਜਣ 'ਤੇ ਵਿਚਾਰ ਚੱਲ ਰਿਹਾ ਹੈ। ਇਹ ਵਿਚਾਰ ਸੁਪਰੀਮ ਕੋਰਟ ਦੇ ਚੋਟੀ ਦੇ 5 ਜੱਜਾਂ ਦੇ ਬੈਂਚ ਵੱਲੋਂ ਪ੍ਰਗਟਾਇਆ ਜਾ ਰਿਹਾ ਹੈ, ਜਿਸ ਨੇ ਉਨ੍ਹਾਂ ਦੀ ਟਿੱਪਣੀ ਦਾ ਖੁਦ ਨੋਟਿਸ ਲੈਂਦਿਆਂ ਇਸ ਦੀ ਸੁਣਵਾਈ ਕੀਤੀ ਅਤੇ ਮੁਆਫੀ ਮੰਗਣ ਤੋਂ ਬਾਅਦ ਕੇਸ ਨੂੰ ਬੰਦ ਕਰ ਦਿੱਤਾ।

ਚੀਫ਼ ਜਸਟਿਸ ਸਮੇਤ ਸਾਰੇ 5 ਜੱਜ ਵੀ ਕੌਲਿਜੀਅਮ ਦਾ ਹਿੱਸਾ ਹਨ। ਚੀਫ਼ ਜਸਟਿਸ ਚੰਦਰਚੂੜ ਤੋਂ ਇਲਾਵਾ ਇਨ੍ਹਾਂ ਜੱਜਾਂ ਵਿੱਚ ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਰਿਸ਼ੀਕੇਸ਼ ਰਾਏ ਸ਼ਾਮਲ ਹਨ। ਇਨ੍ਹਾਂ ਜੱਜਾਂ ਦੇ ਬੈਂਚ ਨੇ 20 ਸਤੰਬਰ ਨੂੰ ਇਸ ਮਾਮਲੇ 'ਤੇ ਵਿਚਾਰ ਕੀਤਾ ਅਤੇ ਫਿਰ ਆਖਿਰਕਾਰ 25 ਸਤੰਬਰ ਨੂੰ ਮਾਮਲਾ ਬੰਦ ਕਰ ਦਿੱਤਾ। ਹੁਣ ਖ਼ਬਰ ਹੈ ਕਿ ਜਸਟਿਸ ਵੀ.ਸ਼੍ਰੀਸ਼ਾਨੰਦ ਦੇ ਤਬਾਦਲੇ 'ਤੇ ਵੀ ਕੌਲਿਜੀਅਮ 'ਚ ਵਿਚਾਰ ਕੀਤਾ ਜਾ ਰਿਹਾ ਹੈ। ਕਰਨਾਟਕ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ 23 ਸਤੰਬਰ ਦੀ ਰਿਪੋਰਟ ਵਿੱਚ ਜਸਟਿਸ ਸ਼੍ਰੀਸ਼ਾਨੰਦ ਦੀਆਂ ਕਈ ਗੈਰ-ਵਾਜਬ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ। ਹੁਣ 5 ਜੱਜਾਂ ਦਾ ਕੌਲਿਜੀਅਮ ਵਿਚਾਰ ਕਰ ਰਿਹਾ ਹੈ ਕਿ ਉਸ ਦਾ ਤਬਾਦਲਾ ਕਿਉਂ ਨਾ ਕੀਤਾ ਜਾਵੇ।

ਕੌਲਿਜੀਅਮ ਜਸਟਿਸ ਸ਼੍ਰੀਸ਼ਾਨੰਦ ਨੂੰ ਲੈ ਕੇ ਵੀ ਸਖਤ ਹੈ ਕਿਉਂਕਿ ਉਹ ਪਹਿਲਾਂ ਵੀ ਕਈ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ। ਸ਼੍ਰੀਸ਼ਾਨੰਦ ਨੇ 6 ਜੂਨ ਨੂੰ ਲਿੰਗ ਭੇਦਭਾਵ ਵਾਲੀ ਟਿੱਪਣੀ ਕੀਤੀ ਸੀ। ਇਸ ਤੋਂ ਇਲਾਵਾ 28 ਅਗਸਤ ਨੂੰ ਉਸ ਨੇ ਬੈਂਗਲੁਰੂ ਦੇ ਇਕ ਇਲਾਕੇ ਨੂੰ ਪਾਕਿਸਤਾਨ ਦੱਸਿਆ ਸੀ। ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲੈਂਦਿਆਂ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਾਰਵਾਈ ਕਰਨ ਲਈ ਕਿਹਾ ਹੈ। ਫਿਰ 21 ਸਤੰਬਰ ਨੂੰ ਖੁੱਲ੍ਹੀ ਅਦਾਲਤ ਦੀ ਸੁਣਵਾਈ ਦੌਰਾਨ ਜਸਟਿਸ ਸ਼੍ਰੀਸ਼ਾਨੰਦ ਨੇ ਬਿਨਾਂ ਸ਼ਰਤ ਮੁਆਫੀ ਮੰਗੀ ਅਤੇ ਆਪਣੀ ਟਿੱਪਣੀ ਵਾਪਸ ਲੈ ਲਈ।

Tags:    

Similar News