PM ਮੋਦੀ ਡੇਰਾ ਬੱਲਾਂ ਪਹੁੰਚੇ, ਕੀਤਾ ਐਲਾਨ ਤੇ ਪੜ੍ਹੋ ਕੀ-ਕੀ ਕਿਹਾ ?
ਸੰਤ ਨਿਰੰਜਨ ਦਾਸ ਦਾ ਲਿਆ ਆਸ਼ੀਰਵਾਦ; ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ
ਜਲੰਧਰ: 1 ਫਰਵਰੀ, 2026
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਸਥਿਤ ਰਵਿਦਾਸੀਆ ਭਾਈਚਾਰੇ ਦੇ ਪ੍ਰਮੁੱਖ ਧਾਰਮਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨਾਲ ਬੰਦ ਕਮਰੇ ਵਿੱਚ ਵਿਸ਼ੇਸ਼ ਮੁਲਾਕਾਤ ਕੀਤੀ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਬਹਾਦਰ ਧਰਤੀ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਸੰਤ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ (ਵਾਰਾਣਸੀ) ਨਾਲ ਹੈ, ਜਿੱਥੇ ਉਹ ਅਕਸਰ ਪੰਜਾਬ ਤੋਂ ਆਉਣ ਵਾਲੀ ਸੰਗਤ ਦੇ ਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੁਰੂ ਰਵਿਦਾਸ ਜੀ ਦੀ ਹੀ ਇੱਛਾ ਸੀ ਕਿ ਅੱਜ ਉਨ੍ਹਾਂ ਨੂੰ ਪੰਜਾਬ ਦੀ ਇਸ ਪਵਿੱਤਰ ਧਰਤੀ 'ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਨੂੰ ਦੋ ਵੱਡੇ ਤੋਹਫ਼ੇ ਦਿੱਤੇ। ਉਨ੍ਹਾਂ ਨੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲ ਕੇ 'ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ' ਰੱਖਣ ਦਾ ਰਸਮੀ ਉਦਘਾਟਨ ਕੀਤਾ ਅਤੇ ਨਾਲ ਹੀ ਲੁਧਿਆਣਾ ਦੇ ਹਲਵਾਰਾ ਵਿਖੇ ਨਵੇਂ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦਾ ਵੀ ਵਰਚੁਅਲੀ ਉਦਘਾਟਨ ਕੀਤਾ। ਪੀਐਮ ਮੋਦੀ ਨੇ ਦੱਸਿਆ ਕਿ ਸੰਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਸਨਮਾਨ ਵਿੱਚ ਹੀ ਅਯੁੱਧਿਆ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕਿ ਦੇ ਨਾਮ 'ਤੇ ਰੱਖਿਆ ਗਿਆ ਸੀ ਅਤੇ ਹੁਣ ਆਦਮਪੁਰ ਹਵਾਈ ਅੱਡਾ ਗੁਰੂ ਰਵਿਦਾਸ ਜੀ ਦੀ ਯਾਦ ਨੂੰ ਤਾਜ਼ਾ ਰੱਖੇਗਾ।
ਬਜਟ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੇਸ਼ ਕੀਤਾ ਗਿਆ ਬਜਟ ਪਿੰਡਾਂ, ਕਿਸਾਨਾਂ ਅਤੇ ਐਮਐਸਐਮਈ (MSME) ਸੈਕਟਰ ਨੂੰ ਮਜ਼ਬੂਤ ਕਰਨ ਵਾਲਾ ਹੈ। ਉਨ੍ਹਾਂ ਖਾਸ ਤੌਰ 'ਤੇ ਜਲੰਧਰ ਦੇ ਖੇਡ ਉਦਯੋਗ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਹੋਏ ਨਵੇਂ ਵਪਾਰ ਸਮਝੌਤੇ ਨਾਲ ਜਲੰਧਰ ਵਿੱਚ ਬਣਿਆ ਖੇਡਾਂ ਦਾ ਸਮਾਨ ਹੁਣ 27 ਦੇਸ਼ਾਂ ਦੇ ਬਾਜ਼ਾਰਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਵਿਕ ਸਕੇਗਾ, ਜਿਸ ਨਾਲ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਬਜਟ ਵਿੱਚ ਕੈਂਸਰ ਦੀਆਂ ਦਵਾਈਆਂ ਸਸਤੀਆਂ ਕੀਤੇ ਜਾਣ ਦਾ ਫੈਸਲਾ ਵੀ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ।
ਸੰਤ ਨਿਰੰਜਨ ਦਾਸ ਜੀ ਦੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਰਾ ਬੱਲਾਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੇਮਿਸਾਲ ਸੇਵਾਵਾਂ ਨਿਭਾ ਰਿਹਾ ਹੈ। ਇਨ੍ਹਾਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਹੀ ਕੇਂਦਰ ਸਰਕਾਰ ਨੇ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਸਨਮਾਨ ਨਾਲ ਨਿਵਾਜਿਆ ਹੈ। ਪੀਐਮ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਗੁਰੂ ਰਵਿਦਾਸ ਜੀ ਦੇ 'ਬੇਗਮਪੁਰਾ' ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਉਨ੍ਹਾਂ ਦੀ ਸਰਕਾਰ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਭਾਰਤ ਇੱਕ ਵਿਕਸਤ ਰਾਸ਼ਟਰ ਬਣੇਗਾ।