ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ
(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ।3।
ਸਿਰੀਰਾਗੁ ਮਹਲਾ ੧ ॥ ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥ ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥ ਭਾਈ ਰੇ ਹਰਿ ਹੀਰਾ ਗੁਰ ਮਾਹਿ ॥ ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥ ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥ ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥ ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥ ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥ ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥ ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥ ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥ {ਪੰਨਾ 22}
ਪਦ ਅਰਥ: ਲੈ = ਲੈ ਕੇ। ਬੋਲਿ = ਉੱਚਾਰ, ਸਿਮਰ। ਸਚ ਕਸਵਟੀ = ਸੱਚ ਦੀ ਕਸਵੱਟੀ ਉਤੇ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਸਵੱਟੀ ਉਤੇ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾਈ ਜਾਂਦੀ ਹੈ ਜਿਸ ਉਤੇ ਸੋਨਾ ਪਰਖਣ ਲਈ ਘਸਾਇਆ ਜਾਂਦਾ ਹੈ। ਲਾਈਐ = ਲਾਇਆ ਜਾਂਦਾ ਹੈ। ਤੁਲੀਐ = ਤੁਲਦਾ ਹੈ। ਪੂਰੈ ਤੋਲਿ = ਪੂਰੇ ਤੋਲ ਨਾਲ। ਤੁਲੀਐ ਪੂਰੈ ਤੋਲਿ = ਪੂਰੇ ਤੋਲ ਨਾਲ ਤੁਲਦਾ ਹੈ, ਤੋਲ ਵਿਚ ਪੂਰਾ ਉਤਰਦਾ ਹੈ। ਕਿਨੈ = ਕਿਸੇ ਨੇ ਭੀ। ਰਿਦ ਮਾਣਕ = ਹਿਰਦਾ-ਮੋਤੀ। ਮੋਲਿ = ਮੁੱਲ ਵਿਚ।1।
ਗੁਰ ਮਾਹਿ = ਗੁਰੂ ਵਿਚ, ਗੁਰੂ ਦੇ ਕੋਲ। ਸਬਦਿ = ਸ਼ਬਦ ਵਿਚ (ਜੁੜ ਕੇ) । ਸਲਾਹਿ = ਸਿਫ਼ਤਿ-ਸਾਲਾਹ ਕਰ।1। ਰਹਾਉ।
ਲੈ = ਇਕੱਠਾ ਕਰ। ਗੁਰ ਪਰਗਾਸਿ = ਗੁਰੂ ਦੇ (ਦਿੱਤੇ ਹੋਏ) ਚਾਨਣ ਨਾਲ। ਜਲਿ = ਜਲ ਦੀ ਰਾਹੀਂ। ਪਾਇਐ = ਪਾਏ ਹੋਏ ਦੀ ਰਾਹੀਂ। ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ। ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ) । ਜੰਦਾਰੁ = ਅਵੈੜਾ। ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ।2।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹਨ। ਭਾਵਈ = ਭਾਵੈ, ਚੰਗਾ ਲੱਗਦਾ, ਪਸੰਦ ਆਉਂਦਾ। ਭਾਇ = ਭਾਉ ਵਿਚ, ਪ੍ਰੇਮ ਵਿਚ। ਸਚ ਭਾਇ = ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ। ਪਾਂਇ = ਪਾਂਇਆਂ, ਇੱਜ਼ਤ। ਗੁਰਿ ਮੇਲਿਐ = ਜੇ ਗੁਰੂ ਮਿਲਾ ਦੇਵੇ। ਸਮਾਇ = ਸਮਾਈ, ਲੀਨਤਾ।3।
ਹੀਰੁ = ਹੀਰਾ। ਘਟਿ ਘਟਿ = ਹਰੇਕ ਘਟ ਵਿਚ। ਗਹਿਰ ਗੰਭੀਰੁ = ਅਥਾਹ ਪ੍ਰਭੂ।4।
ਅਰਥ: ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ। ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ। ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ।1।
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ। ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ।1।
(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ। ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ। (ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।2।
ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ। (ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ) । (ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ।3।
ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ ਲਾਲ ਹੈ, ਰਤਨ ਹੈ ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ। ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ। (ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ।4। 21।