ਭਾਰੀ ਮੀਂਹ ਲਈ ਸੰਤਰੀ ਅਤੇ ਲਾਲ ਅਲਰਟ ਜਾਰੀ
ਨਵੀਂ ਦਿੱਲੀ: ਆਈਐਮਡੀ ਨੇ ਭਾਰੀ ਮੀਂਹ ਲਈ ਸੰਤਰੀ ਅਤੇ ਲਾਲ ਅਲਰਟ ਜਾਰੀ ਕੀਤਾ ਹੈ। 25-29 ਨਵੰਬਰ ਦੇ ਦੌਰਾਨ ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ 26 ਅਤੇ 27 ਨਵੰਬਰ ਨੂੰ ਗਰਜ਼-ਤੂਫ਼ਾਨ ਅਤੇ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜਾਂ ਵਿੱਚ ਬੱਦਲ ਛਾਏ ਰਹਿ ਸਕਦੇ ਹਨ। ਇਸ ਦੌਰਾਨ 26-27 ਨਵੰਬਰ ਨੂੰ ਕੇਰਲ ਅਤੇ ਤਾਮਿਲਨਾਡੂ ਦੇ ਤੱਟਾਂ 'ਤੇ 35-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਲੱਦਾਖ, ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਵੱਖ-ਵੱਖ ਹਿੱਸਿਆਂ 'ਚ ਵੀ ਮੀਂਹ ਪੈ ਸਕਦਾ ਹੈ।
ਉੱਤਰੀ ਰਾਜਾਂ 'ਚ ਤਾਪਮਾਨ ਡਿੱਗ ਰਿਹਾ ਹੈ, ਜਿਸ ਕਾਰਨ ਠੰਡ ਵਧ ਰਹੀ ਹੈ। 24 ਅਤੇ 28-30 ਨਵੰਬਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਕੁਝ ਇਲਾਕਿਆਂ, ਹਿਮਾਚਲ ਪ੍ਰਦੇਸ਼ ਵਿੱਚ 27-29 ਨਵੰਬਰ ਤੱਕ ਅਤੇ ਉੱਤਰ ਪ੍ਰਦੇਸ਼ ਵਿੱਚ 28-30 ਨਵੰਬਰ ਤੱਕ ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿੱਲੀ, ਰਾਜਸਥਾਨ, ਬਿਹਾਰ, ਅਸਾਮ, ਮੇਘਾਲਿਆ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼, ਕਰਨਾਟਕ ਦੀਆਂ ਕੁਝ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਡਿਗਰੀ ਸੈਲਸੀਅਸ ਤੋਂ 3 ਡਿਗਰੀ ਸੈਲਸੀਅਸ ਘੱਟ ਸੀ। ਗੋਆ, ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ ਵਿੱਚ ਵੀ ਇਹੀ ਸਥਿਤੀ ਹੈ। ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਹਰਿਆਣਾ ਦੇ ਹਿਸਾਰ ਅਤੇ ਰਾਜਸਥਾਨ ਦੇ ਸੀਕਰ ਵਿੱਚ ਸਭ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।