ਤਿਰੂਪਤੀ ਬਾਲਾਜੀ ਤੋਂ ਗੈਰ-ਹਿੰਦੂਆਂ ਨੂੰ ਹਟਾਇਆ ਜਾਵੇਗਾ, ਬੈਠਕ 'ਚ ਕੀ ਲਏ ਗਏ ਫੈਸਲੇ ?
ਗੈਰ-ਹਿੰਦੂ ਕਰਮਚਾਰੀਆਂ ਨੂੰ ਤਿਰੁਮਾਲਾ ਤਿਰੂਪਤੀ ਬੋਰਡ ਤੋਂ ਜਲਦੀ ਹੀ ਬਰਖਾਸਤ ਕੀਤਾ ਜਾ ਰਿਹਾ ਹੈ। ਨਾਲ ਹੀ, ਬੋਰਡ ਹੁਣ ਵੱਖ-ਵੱਖ ਰਾਜਾਂ ਦੀਆਂ ਸੈਰ-ਸਪਾਟਾ ਨਿਗਮਾਂ ਦੁਆਰਾ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਕੋਟਾ ਵੀ ਖਤਮ ਕਰ ਦੇਵੇਗਾ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਤਿਰੁਮਾਲਾ ਤਿਰੂਪਤੀ ਬੋਰਡ ਨਿੱਜੀ ਬੈਂਕਾਂ 'ਚ ਜਮ੍ਹਾ ਸੋਨਾ, ਚਾਂਦੀ ਅਤੇ ਨਕਦੀ ਵਾਪਸ ਲੈ ਕੇ ਰਾਸ਼ਟਰੀਕ੍ਰਿਤ ਬੈਂਕਾਂ 'ਚ ਜਮ੍ਹਾ ਕਰਵਾਏਗਾ। ਬੀ ਨਾਇਡੂ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ।
ਤਿਰੁਮਾਲਾ ਤਿਰੂਪਤੀ ਦੇਵਸਥਾਨਮ ਬੋਰਡ (ਟੀ.ਟੀ.ਡੀ. ਟਰੱਸਟ ਬੋਰਡ) ਨੇ ਵਿਸ਼ਾਖਾ ਸ਼ਾਰਦਾ ਪੀਠ 'ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਤਿਰੂਮਲਾ 'ਚ ਬਣੇ ਮੰਦਰ ਕੰਪਲੈਕਸ 'ਚ ਮੱਠ ਦੀ ਲੀਜ਼ ਨੂੰ ਰੱਦ ਕਰਨ ਦੀ ਗੱਲ ਵੀ ਕਹੀ। ਦੇਵਸਥਾਨਮ ਬੋਰਡ ਨੇ ਮੰਦਰ ਲਈ ਕੰਮ ਕਰਨ ਵਾਲੇ ਗੈਰ-ਹਿੰਦੂਆਂ ਬਾਰੇ ਫੈਸਲਾ ਲੈਣ ਲਈ ਰਾਜ ਸਰਕਾਰ ਨੂੰ ਪੱਤਰ ਲਿਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਦੀ ਜਗਨਮੋਹਨ ਰੈਡੀ ਸਰਕਾਰ ਨੇ ਵੀ ਹਿੰਦੂਆਂ ਦੇ ਇਸ ਪਵਿੱਤਰ ਸਥਾਨ 'ਤੇ ਗੈਰ-ਹਿੰਦੂਆਂ ਨੂੰ ਨੌਕਰੀ 'ਤੇ ਰੱਖਿਆ ਸੀ, ਜਿਸ ਕਾਰਨ ਭਾਰੀ ਹੰਗਾਮਾ ਹੋਇਆ ਸੀ।
ਬੋਰਡ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਹੁਣ ਕੋਈ ਵੀ ਮੰਦਰ ਨਾਲ ਜੁੜੇ ਕਿਸੇ ਵੀ ਵਿਸ਼ੇ 'ਤੇ ਸਿਆਸੀ ਬਿਆਨਬਾਜ਼ੀ ਨਹੀਂ ਕਰੇਗਾ। ਜੇਕਰ ਕੋਈ ਕਰਮਚਾਰੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਲਾਜੀ ਮੰਦਰ ਵਿੱਚ ਆਉਣ ਵਾਲੇ ਸਾਰੇ ਨੇਤਾਵਾਂ, ਮੰਤਰੀਆਂ, ਅਧਿਕਾਰੀਆਂ ਅਤੇ ਸ਼ਰਧਾਲੂਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਮੰਦਰ ਪਰਿਸਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ ਨਾ ਕਰਨ।
ਬੋਰਡ ਮਾਹਿਰਾਂ ਤੋਂ ਸਲਾਹ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਡਵਾਂਸ ਟੈਕਨਾਲੋਜੀ ਦੀ ਵਰਤੋਂ ਕਰਕੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਦੇ ਦਰਸ਼ਨ ਦਾ ਸਮਾਂ 20-30 ਘੰਟਿਆਂ ਤੋਂ ਘਟਾ ਕੇ 2-3 ਘੰਟੇ ਕਰਨ 'ਤੇ ਵੀ ਕੰਮ ਕਰ ਰਿਹਾ ਹੈ। ਬੋਰਡ ਰਾਜ ਸਰਕਾਰ ਨੂੰ ਦੇਵਲੋਕ ਪ੍ਰੋਜੈਕਟ ਦੇ ਨੇੜੇ ਅਲੀਪੀਰੀ ਵਿੱਚ ਸੈਰ-ਸਪਾਟੇ ਲਈ ਦਿੱਤੀ ਗਈ 20 ਏਕੜ ਜ਼ਮੀਨ ਟੀਟੀਡੀ ਨੂੰ ਸੌਂਪਣ ਦੀ ਬੇਨਤੀ ਕਰੇਗਾ। ਇਹ ਤਿਰੂਪਤੀ ਦੇ ਸਥਾਨਕ ਲੋਕਾਂ ਨੂੰ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਪਹਿਲ ਦੇ ਆਧਾਰ 'ਤੇ ਦਰਸ਼ਨ ਕਰਨ ਦੀ ਸਹੂਲਤ ਵੀ ਪ੍ਰਦਾਨ ਕਰੇਗਾ।