Bihar ਵਿੱਚ ਨਿਤੀਸ਼ ਯੁੱਗ ਖਤਮ, Nitish Kumar ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਬਿਹਾਰ ਦੇ ਪ੍ਰਮੁੱਖ ਰਾਜਨੀਤਿਕ ਨੇਤਾ ਨਿਤੀਸ਼ ਕੁਮਾਰ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਕੇ ਰਾਜ ਦੀ ਸਰਗਰਮ ਰਾਜਨੀਤੀ ਤੋਂ ਆਪਣੀ ਯਾਤਰਾ ਸਮਾਪਤ ਕਰ ਲਈ ਹੈ।

Update: 2026-04-10 09:18 GMT

ਨਵੀਂ ਦਿੱਲੀ, 10 ਅਪ੍ਰੈਲ : ਬਿਹਾਰ ਦੇ ਪ੍ਰਮੁੱਖ ਰਾਜਨੀਤਿਕ ਨੇਤਾ ਨਿਤੀਸ਼ ਕੁਮਾਰ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕ ਕੇ ਰਾਜ ਦੀ ਸਰਗਰਮ ਰਾਜਨੀਤੀ ਤੋਂ ਆਪਣੀ ਯਾਤਰਾ ਸਮਾਪਤ ਕਰ ਲਈ ਹੈ। 75 ਸਾਲ ਦੇ ਨਿਤੀਸ਼ ਕੁਮਾਰ ਨੂੰ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) ਦੇ ਉਮੀਦਵਾਰ ਵਜੋਂ ਉੱਚ ਸਦਨ ਲਈ ਚੁਣਿਆ ਗਿਆ ਹੈ। ਉਨ੍ਹਾਂ ਦੇ ਸੰਸਦ ਵਿੱਚ ਪਹੁੰਚਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਬਿਹਾਰ ਵਿੱਚ ਮੁੱਖ ਮੰਤਰੀ ਪਦ ‘ਤੇ ਕਬਜ਼ਾ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ, ਜੋ ਰਾਜ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਜਪਾ ਸਿੱਧੇ ਤੌਰ ‘ਤੇ ਮੁੱਖ ਮੰਤਰੀ ਪਦ ਦੀ ਅਗਵਾਈ ਕਰ ਸਕੇਗੀ। ਸੂਤਰਾਂ ਅਨੁਸਾਰ, ਨਵੀਂ ਸਰਕਾਰ ਦੀ ਸੰਰਚਨਾ ਵਿਸਾਖੀ (13 ਅਪ੍ਰੈਲ) ਤੋਂ ਬਾਅਦ ਸਪਸ਼ਟ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਰਾਜਨੀਤਿਕ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਲੰਬੇ ਕਰਿਅਰ ’ਚ ਵਿਵਾਦ ਵੀ ਸ਼ਾਮਲ

ਨਿਤੀਸ਼ ਕੁਮਾਰ ਨੇ ਆਪਣੀ ਰਾਜਨੀਤਿਕ ਯਾਤਰਾ ਦੀ ਸ਼ੁਰੂਆਤ 1985 ਵਿੱਚ ਵਿਧਾਇਕ ਵਜੋਂ ਕੀਤੀ ਸੀ ਅਤੇ ਉਹ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਸਾਲ 2005 ਤੋਂ ਲੈ ਕੇ ਹੁਣ ਤੱਕ, ਕੁਝ ਸਮੇਂ ਨੂੰ ਛੱਡ ਕੇ, ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹੇ ਹਨ ਅਤੇ ਰਾਜ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਸ਼ਖ਼ਸੀਅਤ ਵਜੋਂ ਉਭਰੇ ਹਨ। ਉਨ੍ਹਾਂ ਦਾ ਰਾਜਨੀਤਿਕ ਸਫ਼ਰ ਬਹੁਤ ਹੀ ਰੋਚਕ ਰਿਹਾ ਹੈ, ਜਿਸ ਵਿੱਚ 2013 ਤੋਂ ਬਾਅਦ ਉਨ੍ਹਾਂ ਨੇ ਚਾਰ ਵਾਰ ਰਾਜਨੀਤਿਕ ਦਿਸ਼ਾ ਬਦਲੀ। ਜਦੋਂ ਵੀ ਉਨ੍ਹਾਂ ਨੂੰ ਆਪਣੀ ਸੱਤਾ ਜਾਂ ਪਾਰਟੀ ਦੇ ਅਸਤਿਤਵ ‘ਤੇ ਖ਼ਤਰਾ ਮਹਿਸੂਸ ਹੋਇਆ, ਉਨ੍ਹਾਂ ਨੇ ਨਵੇਂ ਗਠਜੋੜਾਂ ਨਾਲ ਸਰਕਾਰ ਬਣਾਉਣ ਦਾ ਹਿੰਮਤੀ ਕਦਮ ਚੁੱਕਿਆ।

ਹਾਲ ਹੀ ਵਿੱਚ, ਦਿੱਲੀ ਜਾਣ ਤੋਂ ਪਹਿਲਾਂ, ਨਿਤੀਸ਼ ਕੁਮਾਰ ਨੇ ਆਪਣੇ ਬੇਟੇ ਨਿਸ਼ਾਂਤ ਕੁਮਾਰ ਨੂੰ ਜਨਤਾ ਦਲ (ਯੂਨਾਈਟਡ) ਰਾਹੀਂ ਰਾਜਨੀਤੀ ਵਿੱਚ ਪ੍ਰਵੇਸ਼ ਕਰਵਾਇਆ ਹੈ। ਮੌਜੂਦਾ ਸਮੇਂ ਵਿੱਚ, ਨਿਸ਼ਾਂਤ ਪੂਰੇ ਬਿਹਾਰ ਦਾ ਦੌਰਾ ਕਰ ਰਹੇ ਹਨ, ਪਰ ਉਨ੍ਹਾਂ ਲਈ ਆਪਣੇ ਪਿਤਾ ਵਾਂਗ ਰਾਜਨੀਤਿਕ ਉੱਚਾਈਆਂ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ।

Tags:    

Similar News