Mohali SSP office ਦੇ ਬਾਹਰ ਹੋਏ ਕਤਲ ਦੀ ਗੁੱਥੀ ਸੁਲਝੀ
ਖੁਲਾਸਾ ਕੀਤਾ ਕਿ ਇਸ ਪੂਰੇ ਕਤਲ ਕਾਂਡ ਦਾ ਮਾਸਟਰਮਾਈਂਡ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਹੈ, ਜਿਸ ਨੇ ਇਸ ਵਾਰਦਾਤ ਦੀ ਪੂਰੀ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਸੀ।
ਗੋਲਡੀ ਬਰਾੜ ਨਿਕਲਿਆ ਮਾਸਟਰਮਾਈਂਡ, 2 ਮੁਲਜ਼ਮ ਗ੍ਰਿਫ਼ਤਾਰ
ਮੋਹਾਲੀ, 4 ਫਰਵਰੀ, 2026: ਮੋਹਾਲੀ ਪੁਲਿਸ ਨੇ ਐਸ.ਐਸ.ਪੀ. ਦਫ਼ਤਰ ਦੇ ਬਿਲਕੁਲ ਬਾਹਰ ਹੋਈ ਸਨਸਨੀਖੇਜ਼ ਗੋਲੀਬਾਰੀ ਅਤੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮੁੱਖ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਇੱਕ ਹੌਂਡਾ ਅਮੇਜ਼ ਕਾਰ ਅਤੇ ਬਜਾਜ ਪਲਸਰ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਮੋਹਾਲੀ ਦੇ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਇਸ ਪੂਰੇ ਕਤਲ ਕਾਂਡ ਦਾ ਮਾਸਟਰਮਾਈਂਡ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਹੈ, ਜਿਸ ਨੇ ਇਸ ਵਾਰਦਾਤ ਦੀ ਪੂਰੀ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਸੀ।
ਪੁਲਿਸ ਦੀ ਜਾਂਚ ਦੌਰਾਨ ਫਰੀਦਕੋਟ ਦੇ ਰਹਿਣ ਵਾਲੇ ਬਲਤੇਜ ਸਿੰਘ ਉਰਫ਼ ਬੰਟੀ ਨੂੰ ਕਾਬੂ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਬੰਟੀ ਨੇ ਮੰਨਿਆ ਕਿ ਉਹ ਉਸ ਯੂਪੀ (UP) ਨੰਬਰ ਦੀ ਹੌਂਡਾ ਅਮੇਜ਼ ਕਾਰ ਦਾ ਡਰਾਈਵਰ ਸੀ, ਜਿਸ ਵਿੱਚ ਸ਼ੂਟਰ ਵਾਰਦਾਤ ਤੋਂ ਬਾਅਦ ਫਰਾਰ ਹੋਏ ਸਨ। ਪੁਲਿਸ ਨੇ ਉਸ ਦੇ ਟਿਕਾਣੇ ਤੋਂ ਇਹ ਕਾਰ ਵੀ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਰਹਿਣ ਵਾਲੇ ਮੰਗਤ ਸਿੰਘ ਉਰਫ਼ ਮੈਕਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮੈਕਸ 'ਤੇ ਦੋਸ਼ ਹੈ ਕਿ ਉਸ ਨੇ ਸ਼ੂਟਰਾਂ ਨੂੰ ਰਹਿਣ-ਸਹਿਣ ਅਤੇ ਹਥਿਆਰਾਂ ਸਮੇਤ ਸਾਰੀ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ ਅਤੇ ਵਾਰਦਾਤ ਵਿੱਚ ਵਰਤੇ ਗਏ ਵਾਹਨਾਂ ਦਾ ਪ੍ਰਬੰਧ ਵੀ ਉਸੇ ਨੇ ਹੀ ਕੀਤਾ ਸੀ।
ਪੁਲਿਸ ਅਨੁਸਾਰ ਇਸ ਮਾਮਲੇ ਦੇ ਤਾਰ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਨਾਲ ਜੁੜੇ ਹੋਏ ਹਨ। ਗੋਲਡੀ ਬਰਾੜ ਨੇ ਜੇਲ੍ਹ ਵਿੱਚ ਬੈਠੇ ਆਪਣੇ ਸਾਥੀਆਂ ਅਤੇ ਬਾਹਰ ਮੌਜੂਦ ਨੈੱਟਵਰਕ ਰਾਹੀਂ ਇਸ ਕਤਲ ਨੂੰ ਅੰਜਾਮ ਦਿਵਾਇਆ ਹੈ। ਐਸ.ਐਸ.ਪੀ. ਹੰਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਵਾਰਦਾਤ ਵਿੱਚ ਸ਼ਾਮਲ ਸ਼ੂਟਰਾਂ ਅਤੇ ਹੋਰ ਸਾਜ਼ਿਸ਼ਘਾੜਿਆਂ ਤੱਕ ਪਹੁੰਚਿਆ ਜਾ ਸਕੇ। ਪੁਲਿਸ ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾ ਰਹੀ ਹੈ।