'ਕੋਰੀਅਰ ਡਿਲੀਵਰੀ ਏਜੰਟ' ਬਣ ਕੇ ਘਰ ਵਿੱਚ ਦਾਖਲ, ਕੀਤਾ ਬਲਾਤਕਾਰ
ਦੋਸ਼ੀ ਨੇ ਘਟਨਾ ਤੋਂ ਬਾਅਦ ਪੀੜਤਾ ਦੇ ਮੋਬਾਈਲ 'ਤੇ ਧਮਕੀ ਭਰਾ ਸੁਨੇਹਾ ਵੀ ਛੱਡਿਆ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ।
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਕੋਂਡਵਾ ਇਲਾਕੇ ਵਿੱਚ ਬੁੱਧਵਾਰ ਸ਼ਾਮ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ 'ਕੋਰੀਅਰ ਡਿਲੀਵਰੀ ਏਜੰਟ' ਦੱਸ ਕੇ ਇੱਕ 22 ਸਾਲਾ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਅਨੁਸਾਰ, ਇਹ ਘਟਨਾ ਸ਼ਾਮ ਲਗਭਗ 7:30 ਵਜੇ ਵਾਪਰੀ, ਜਦੋਂ ਪੀੜਤਾ ਆਪਣੇ ਫਲੈਟ ਵਿੱਚ ਇਕੱਲੀ ਸੀ, ਕਿਉਂਕਿ ਉਸਦਾ ਭਰਾ ਘਰ ਤੋਂ ਬਾਹਰ ਗਿਆ ਹੋਇਆ ਸੀ।
ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ 5) ਰਾਜਕੁਮਾਰ ਸ਼ਿੰਦੇ ਨੇ ਦੱਸਿਆ ਕਿ ਦੋਸ਼ੀ ਨੇ ਕੋਰੀਅਰ ਡਿਲੀਵਰੀ ਏਜੰਟ ਬਣ ਕੇ ਘਰ ਦੀ ਘੰਟੀ ਵਜਾਈ। ਜਦ ਪੀੜਤਾ ਨੇ ਦਰਵਾਜ਼ਾ ਖੋਲ੍ਹਿਆ, ਦੋਸ਼ੀ ਨੇ ਉਸਨੂੰ ਕਿਹਾ ਕਿ ਪਾਰਸਲ ਲੈਣ ਲਈ ਦਸਤਖਤ ਕਰਨੇ ਹਨ। ਜਦੋਂ ਔਰਤ ਅੰਦਰ ਪੈਨ ਲੈਣ ਗਈ, ਦੋਸ਼ੀ ਵੀ ਘਰ ਵਿੱਚ ਦਾਖਲ ਹੋ ਗਿਆ ਅਤੇ ਦਰਵਾਜ਼ਾ ਅੰਦਰੋਂ ਲਾਕ ਕਰ ਲਿਆ। ਪੁਲਿਸ ਅਨੁਸਾਰ, ਦੋਸ਼ੀ ਨੇ ਉੱਤੇ ਹਮਲਾ ਕੀਤਾ ਅਤੇ ਕਥਿਤ ਤੌਰ 'ਤੇ ਕੋਈ ਸਪਰੇਅ ਵਰਤਿਆ, ਜਿਸ ਕਾਰਨ ਪੀੜਤਾ ਅਚੇਤ ਹੋ ਗਈ। ਉਸਨੇ ਹੋਸ਼ 'ਚ ਆਉਣ 'ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਦੋਸ਼ੀ ਨੇ ਘਟਨਾ ਤੋਂ ਬਾਅਦ ਪੀੜਤਾ ਦੇ ਮੋਬਾਈਲ 'ਤੇ ਆਪਣੀ ਸੈਲਫੀ ਲੈ ਕੇ ਇੱਕ ਧਮਕੀ ਭਰਾ ਸੁਨੇਹਾ ਵੀ ਛੱਡਿਆ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ। ਪੁਲਿਸ ਅਧਿਕਾਰੀਆਂ ਅਨੁਸਾਰ, ਦੋਸ਼ੀ ਦੀ ਤਸਵੀਰ ਇਲਾਕੇ ਦੀ ਸੀਸੀਟੀਵੀ ਫੁਟੇਜ 'ਚ ਕੈਦ ਹੋ ਚੁੱਕੀ ਹੈ ਅਤੇ ਉਸ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਡੀ ਤਾਦਾਦ 'ਚ ਟੀਮਾਂ ਲਗਾਈਆਂ ਗਈਆਂ ਹਨ।
ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨੀ ਕਾਰਵਾਈ ਲਈ ਭਾਰਤੀਆ ਨਿਆਯ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।