ਕੈਲੀਫੋਰਨੀਆ ਵਿੱਚ 17 ਹਜਾਰ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਲਾਇਸੰਸ ਰੱਦ

ਕੁਝ ਵੀ ਗਲਤ ਨਹੀਂ ਕੀਤਾ ਦਾ ਦਾਅਵਾ ਕਰਨ ਦੇ ਹਫਤਿਆਂ ਬਾਅਦ ਉਹ ਰੰਗੇ ਹਥੀਂ ਪਕੜੇ ਗਏ ਹਨ ਕਿਉਂਕਿ ਹੁਣ ਉਨਾਂ ਨੇ ਏਨੀ ਵੱਡੀ ਗਿਣਤੀ ਵਿੱਚ ਲਾਇਸੰਸ ਰੱਦ

By :  Gill
Update: 2025-11-19 00:35 GMT

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਿੱਚ 17000 ਕਮਰਸ਼ੀਅਲ ਵਾਹਣਾਂ ਦੇ ਪ੍ਰਵਾਸੀ ਡਰਾਈਵਰਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ। ਯੂ ਐਸ ਸਟੇਟ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਲਾਇਸੰਸਾਂ ਦੀ ਮਿਆਦ ਖਤਮ ਹੋਣ ਕਾਰਨ ਕੀਤੀ ਜਾ ਰਹੀ ਹੈ। ਦੂਸਰੇ ਸ਼ਬਦਾਂ ਵਿੱਚ ਇਨਾਂ ਪ੍ਰਵਾਸੀਆਂ ਨੂੰ ਦੁਬਾਰਾ ਲਾਇਸੰਸ ਜਾਰੀ ਨਹੀਂ ਕੀੇਤੇ ਜਾਣਗੇ। ਇਨਾਂ ਡਰਾਈਵਰਾਂ ਵਿੱਚ ਵੱਡੀ ਗਿਣਤੀ ਭਾਰਤੀ ਖਾਸ ਕਰਕੇ ਪੰਜਾਬੀ ਡਰਾਈਵਰਾਂ ਦੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੁਆਰਾ ਕੈਲੀਫੋਰਨੀਆ ਤੇ ਹੋਰ ਰਾਜਾਂ ਵੱਲੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਲਾਇਸੰਸ ਜਾਰੀ ਕਰਨ ਦੀ ਸਖਤ ਨਿੰਦਾ ਕਰਨ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਾਇਸੰਸ ਜਾਰੀ ਕਰਨ ਦਾ ਮੁੱਦਾ ਅਗਸਤ ਵਿੱਚ ਆਮ ਲੋਕਾਂ ਵਿੱਚ ਉਸ ਵੇਲੇ ਚਰਚਾ ਦਾ ਕੇਂਦਰ ਬਣਿਆ ਸੀ ਜਦੋਂ ਫਲੋਰਿਡਾ ਵਿੱਚ ਇਕ ਪੰਜਾਬੀ ਸਿੱਖ ਡਰਾਈਵਰ ਨੇ ਗਲਤ ਮੋੜ ਕਟਦਿਆਂ ਹਾਦਸਾ ਕਰ ਦਿੱਤਾ ਸੀ ਜਿਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਟਰਾਂਸਪੋਰਟੇਸ਼ਨ ਸਕੱਤਰ ਸੀਨ ਡੱਫੀ ਨੇ ਕਿਹਾ ਹੈ ਕਿ ਕੈਲੀਫੋਰਨੀਆ ਵੱਲੋਂ ਲਾਇਸੰਸ ਰੱਦ ਕਰਨ ਦੀ ਕਾਰਵਾਈ ਤੋਂ ਸਾਫ ਹੈ ਕਿ ਗਲਤੀ ਮੰਨ ਲਈ ਗਈ ਹੈ ਕਿ ਰਾਜ ਨੇ ਠੀਕ ਢੰਗ ਤਰੀਕੇ ਨਾਲ ਲਾਇਸੰਸ ਜਾਰੀ ਨਹੀਂ ਕੀਤੇ ਹਾਲਾਂ ਕਿ ਰਾਜ ਪਹਿਲਾਂ ਆਪਣੇ ਲਾਇਸੰਸ ਜਾਰੀ ਕਰਨ ਦੇ ਮਾਪਦੰਡਾਂ ਨੂੰ ਉਚਿੱਤ ਠਹਿਰਾਉਂਦਾ ਰਿਹਾ ਹੈ। ਡੱਫੀ ਵੱਲੋਂ ਚਿੰਤਾ ਪ੍ਰਗਟਾਉਣ ਉਪਰੰਤ ਕੈਲੀਫੋਰਨੀਆ ਨੇ ਕਮਰਸ਼ੀਅਲ ਡਰਾਈਵਰਾਂ ਨੂੰ ਜਾਰੀ ਕੀਤੇ ਲਾਇਸੰਸ ਉਪਰ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਸੀ। ਡੱਫੀ ਨੇ ਕਿਹਾ ਕਿ 'ਗਵਰਨਰ ਗੈਵਿਨ ਨਿਓਸੋਮ ਤੇ ਕੈਲੀਫੋਰੀਨਆ ਦਾ ਝੂਠ ਫੜਿਆ ਗਿਆ ਹੈ । ਕੁਝ ਵੀ ਗਲਤ ਨਹੀਂ ਕੀਤਾ ਦਾ ਦਾਅਵਾ ਕਰਨ ਦੇ ਹਫਤਿਆਂ ਬਾਅਦ ਉਹ ਰੰਗੇ ਹਥੀਂ ਪਕੜੇ ਗਏ ਹਨ ਕਿਉਂਕਿ ਹੁਣ ਉਨਾਂ ਨੇ ਏਨੀ ਵੱਡੀ ਗਿਣਤੀ ਵਿੱਚ ਲਾਇਸੰਸ ਰੱਦ ਕਰਨ ਦਾ ਫੈਸਲਾ ਲਿਆ ਹੈ।'' ਉਨਾਂ ਕਿਹਾ ਇਹ ਅਜੇ ਕੇਵਲ ਸ਼ੁਰੂਆਤ ਹੈ, ਉਹ ਹਰ ਗੈਰ ਕਾਨੂੰਨੀ ਪ੍ਰਵਾਸੀ ਦਾ ਲਾਇਸੰਸ ਰੱਦ ਹੋਣ ਤੱਕ ਕੈਲੀਫੋਰਨੀਆ ਉਪਰ ਨਿਰੰਤਰ ਦਬਾਅ ਪਾਉਂਦੇ ਰਹਿਣਗੇ। ਇਸ ਦਰਮਿਆਨ ਨਿਊਸੋਮ ਦੇ ਦਫਤਰ ਨੇ ਕਿਹਾ ਹੈ ਕਿ ਹਰੇਕ ਡਰਾਈਵਰ ਜਿਸ ਦਾ ਲਾਇਸੰਸ ਰੱਦ ਕੀਤਾ ਜਾ ਰਿਹਾ ਹੈ, ਨੂੰ ਸੰਘੀ ਸਰਕਾਰ ਵੱਲੋਂ ਕੰੰਮ ਕਰਨ ਦੀ ਯੋਗ ਪ੍ਰਵਾਨਗੀ ਦਿੱਤੀ ਗਈ ਹੈ।

Tags:    

Similar News