Kulwant Singh Manan ਦਾ Giani Raghbir Singh 'ਤੇ ਤਿੱਖਾ ਹਮਲਾ; ਬਿਆਨਬਾਜ਼ੀ ਨੂੰ ਦੱਸਿਆ 'ਸਰਕਾਰੀ ਏਜੰਸੀਆਂ ਦੀ ਸ਼ੈਅ'

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਗਿਆਨੀ ਰਘਬੀਰ ਸਿੰਘ ਵਿਰੁੱਧ ਇੱਕ ਬੇਹੱਦ ਸਖ਼ਤ ਅਤੇ ਵੱਡਾ ਬਿਆਨ ਸਾਹਮਣੇ ਆਇਆ ਹੈ।

Update: 2026-02-19 08:33 GMT

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਗਿਆਨੀ ਰਘਬੀਰ ਸਿੰਘ ਵਿਰੁੱਧ ਇੱਕ ਬੇਹੱਦ ਸਖ਼ਤ ਅਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਰਘਬੀਰ ਸਿੰਘ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਨਿਸ਼ਾਨਾ ਸਾਧਦਿਆਂ ਕੁਲਵੰਤ ਸਿੰਘ ਮੰਨਣ ਨੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਇਹ ਸਭ ਕੁਝ ਸਰਕਾਰੀ ਏਜੰਸੀਆਂ ਅਤੇ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



ਮੰਨਣ ਨੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਗਿਆਨੀ ਰਘਬੀਰ ਸਿੰਘ ਜਿਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹਨ, ਉਹ ਉਦੋਂ ਚੁੱਪ ਕਿਉਂ ਸਨ ਜਦੋਂ ਉਹ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ? ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਘਪਲਾ ਜਾਂ ਬੇਨਿਯਮੀ ਹੋਈ ਸੀ, ਤਾਂ ਉਨ੍ਹਾਂ ਨੂੰ ਉਦੋਂ ਆਵਾਜ਼ ਉਠਾਉਣੀ ਚਾਹੀਦੀ ਸੀ।


ਮੁੱਖ ਸਕੱਤਰ ਨੇ ਅੱਗੇ ਜਾਣਕਾਰੀ ਦਿੱਤੀ ਕਿ ਗਿਆਨੀ ਰਘਬੀਰ ਸਿੰਘ ਪਿਛਲੇ ਲਗਭਗ ਡੇਢ ਮਹੀਨੇ ਤੋਂ ਛੁੱਟੀ 'ਤੇ ਚੱਲ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸੰਸਥਾ ਵਿੱਚ ਕੋਈ ਵੀ ਗਲਤ ਕੰਮ ਹੋਇਆ ਹੁੰਦਾ ਅਤੇ ਉਹ ਸਾਨੂੰ ਆ ਕੇ ਇਸ ਬਾਰੇ ਦੱਸਦੇ, ਤਾਂ ਅਸੀਂ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ। ਪਰ ਇਸ ਤਰ੍ਹਾਂ ਬਾਹਰ ਬੈਠ ਕੇ ਬਿਆਨਬਾਜ਼ੀ ਕਰਨਾ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।


ਬੇਹੱਦ ਭਾਵੁਕ ਅਤੇ ਸਖ਼ਤ ਲਹਿਜੇ ਵਿੱਚ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਸ ਸੰਸਥਾ ਦੇ ਜ਼ਰੀਏ ਗਿਆਨੀ ਰਘਬੀਰ ਸਿੰਘ ਨੇ ਆਪਣਾ ਪਰਿਵਾਰ ਪਾਲਿਆ ਅਤੇ ਮਾਣ-ਸਤਿਕਾਰ ਹਾਸਲ ਕੀਤਾ, ਅੱਜ ਉਹ ਉਸੇ ਸੰਸਥਾ ਨੂੰ ਜਨਤਕ ਤੌਰ 'ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨਾਲ ਸਿੱਖ ਸੰਸਥਾ ਦੀ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Tags:    

Similar News