ਕੇ.ਏ.ਪੀ. ਸਿਨਹਾ ਨੇ ਪੰਜਾਬ ਦੇ 43ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

Update: 2024-10-10 07:46 GMT

* ਪੰਜਾਬ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਦਾ ਮੁੱਲ ਵਾਪਸ ਮੋੜਨ ਦਾ ਸਮਾਂ: ਕੇ.ਏ.ਪੀ. ਸਿਨਹਾ

ਚੰਡੀਗੜ੍ਹ, 10 ਅਕਤੂਬਰ : ​ਪੰਜਾਬ ਕਾਡਰ ਦੇ 1992 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਕੇ.ਏ.ਪੀ. ਸਿਨਹਾ ਨੇ ਵੀਰਵਾਰ ਨੂੰ ਸੂਬੇ ਦੇ 43ਵੇਂ ਮੁੱਖ ਸਕੱਤਰ ਦਾ ਕਾਰਜਭਾਰ ਸੰਭਾਲ ਲਿਆ। ਉਨ੍ਹਾਂ ਅੱਜ ਨਵਾਂ ਅਹੁਦਾ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸੀਨੀਅਰ ਸਿਵਲ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੰਭਾਲਿਆ। ਸ੍ਰੀ ਸਿਨਹਾ ਕੋਲ ਮੁੱਖ ਸਕੱਤਰ ਦੇ ਮੌਜੂਦਾ ਅਹੁਦੇ ਦੇ ਨਾਲ ਪ੍ਰਮੁੱਖ ਸਕੱਤਰ ਪ੍ਰਸੋਨਲ, ਆਮ ਰਾਜ ਪ੍ਰਬੰਧ ਤੇ ਵਿਜੀਲੈਂਸ ਦਾ ਵਾਧੂ ਚਾਰਜ ਵੀ ਰਹੇਗਾ।

​ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਗੱਲ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਤੇ ਵਿਭਾਗਾਂ ਵਿੱਚ ਸੇਵਾ ਨਿਭਾਉਂਦਿਆਂ ਪੰਜਾਬ ਸੂਬੇ ਅਤੇ ਇਥੋਂ ਦੇ ਲੋਕਾਂ ਵੱਲੋਂ ਅਥਾਹ ਪਿਆਰ ਤੇ ਸਤਿਕਾਰ ਮਿਲਿਆ ਹੈ ਅਤੇ ਅੱਜ ਨਵੇਂ ਅਹੁਦੇ ਨੂੰ ਸੰਭਾਲਦਿਆਂ ਉਹ ਇਹੋ ਵਿਸ਼ਵਾਸ ਦਿਵਾਉਂਦੇ ਹਨ ਕਿ ਹੁਣ ਉਹ ਇਸ ਮਾਣ ਨੂੰ ਵਾਪਸ ਮੋੜਨ ਦਾ ਸਮਾਂ ਹੈ ਜੋ ਕਿ ਉਹ ਪੰਜਾਬ ਦੀ ਭਲਾਈ ਲਈ ਤਨਦੇਹੀ ਨਾਲ ਪੰਜਾਬੀਆਂ ਦੀ ਸੇਵਾ ਕਰਕੇ ਪੂਰਾ ਕਰਨਗੇ।

​ਸ੍ਰੀ ਸਿਨਹਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੰਦਿਆਂ ਸੂਬਾ ਵਾਸੀਆਂ ਨੂੰ ਸਾਫ- ਸੁਥਰੀਆਂ ਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣਾ ਜਾਰੀ ਰਹਿਣਗੀਆਂ। ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ਉਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

​ਅੱਜ ਸ੍ਰੀ ਸਿਨਹਾ ਵੱਲੋਂ ਅਹੁਦਾ ਸੰਭਾਲਣ ਮੌਕੇ ਸੀਨੀਅਰ ਸਿਵਲ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਵਿੱਚ ਵਿਕਾਸ ਪ੍ਰਤਾਪ, ਅਲੋਕ ਸ਼ੇਖਰ, ਡੀ.ਕੇ. ਤਿਵਾੜੀ, ਤੇਜਵੀਰ ਸਿੰਘ, ਜਸਪ੍ਰੀਤ ਤਲਵਾੜ, ਦਿਲੀਪ ਕੁਮਾਰ, ਭਾਵਨਾ ਗਰਗ, ਅਜੋਏ ਸ਼ਰਮਾ, ਗੁਰਕਿਰਤ ਕ੍ਰਿਪਾਲ ਸਿੰਘ, ਵੀ.ਐਨ.ਜ਼ਾਦੇ, ਗੁਰਪ੍ਰੀਤ ਕੌਰ ਸਪਰਾ, ਮਾਲਵਿੰਦਰ ਸਿੰਘ ਜੱਗੀ, ਅਭਿਨਵ ਤ੍ਰਿਖਾ, ਰਾਮਵੀਰ, ਸੋਨਾਲੀ ਗਿਰਿ, ਕੇਸ਼ਵ ਹਿੰਗੋਨੀਆ, ਸੁਰਭੀ ਮਲਿਕ, ਹਰਪ੍ਰੀਤ ਸਿੰਘ ਸੂਦਨ, ਜਸਪ੍ਰੀਤ ਸਿੰਘ, ਰਾਹੁਲ, ਬਲਦੀਪ ਕੌਰ, ਨੀਰੂ ਕਤਿਆਲ ਗੁਪਤਾ ਸ਼ਾਮਲ ਸਨ।

​ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇਜਵੀਰ ਸਿੰਘ ਸਮੇਤ ਸਮੂਹ ਅਧਿਕਾਰੀਆਂ ਨੇ ਨਵੇਂ ਨਿਯੁਕਤ ਹੋਏ ਮੁੱਖ ਸਕੱਤਰ ਸ੍ਰੀ ਸਿਨਹਾ ਨਾਲ ਵੱਖੋ-ਵੱਖ ਸਮੇਂ ਵਿਭਾਗਾਂ ਵਿੱਚ ਕੰਮ ਕਰਦਿਆਂ ਅਤੇ ਫੀਲਡ ਪੋਸਟਿੰਗ ਦੌਰਾਨ ਹੋਏ ਤਜ਼ਰਬੇ ਸਾਂਝੇ ਕੀਤੇ ਅਤੇ ਵਿਸ਼ਵਾਸ ਦਿਵਾਇਆ ਕਿ ਸੂਬਾ ਵਾਸੀਆਂ ਦੀ ਬਿਹਤਰੀ ਲਈ ਟੀਮ ਵਜੋਂ ਕੰਮ ਕੀਤਾ ਜਾਵੇਗਾ।

​ਜ਼ਿਕਰਯੋਗ ਹੈ ਕਿ ਸ੍ਰੀ ਕੇ.ਈ.ਪੀ. ਸਿਨਹਾ ਇਸ ਵੇਲੇ ਵਿਸ਼ੇਸ਼ ਮੁੱਖ ਸਕੱਤਰ ਵਿਕਾਸ ਕਮ ਵਿੱਤ ਕਮਿਸ਼ਨਰ ਮਾਲ ਵਜੋਂ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਵਿੱਤ, ਕਰ, ਖੁਰਾਕ ਤੇ ਸਿਵਲ ਸਪਲਾਈ, ਉਚੇਰੀ ਸਿੱਖਿਆ, ਵਾਤਾਵਰਣ ਤੇ ਸਾਇੰਸ ਤਕਨਾਲੋਜੀ, ਸੰਸਦੀ ਮਾਮਲੇ, ਆਮ ਰਾਜ ਪ੍ਰਬੰਧ ਜਿਹੇ ਅਹਿਮ ਵਿਭਾਗਾਂ ਦਾ ਕੰਮਕਾਰ ਸੰਭਾਲਿਆ ਹੈ। ਉਨ੍ਹਾਂ ਭਾਰਤ ਸਰਕਾਰ ਵਿੱਚ ਵਿਦੇਸ਼ ਮੰਤਰਾਲੇ, ਉਦਯੋਗ ਤੇ ਵਣਜ, ਪ੍ਰਮਾਣੂ ਊਰਜਾ ਜਿਹੇ ਮਹੱਤਵਪੂਰਨ ਮੰਤਰਾਲਿਆਂ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਈ ਕੌਮੀ ਤੇ ਕੌਮਾਂਤਰੀ ਕਾਨਫਰੰਸਾਂ ਵਿੱਚ ਹਿੱਸਾ ਲਿਆ ਹੈ।

​ਉਹ ਪੰਜਾਬ ਵਿੱਚ ਫੀਲਡ ਪੋਸਟਿੰਗ ਦੌਰਾਨ ਬਠਿੰਡਾ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

​ਸ੍ਰੀ ਸਿਨਹਾ ਨੇ ਅਰਥਸਾਸ਼ਤਰ ਵਿੱਚ ਪੋਸਟ ਗਰੈਜੂਏਸ਼ਨ, ਐਲ.ਐਲ.ਐਮ. ਅਤੇ ਬੀ.ਟੈਕ. (ਮਾਈਨਿੰਗ ਇੰਜਨੀਅਰਿੰਗ) ਕੀਤੀ ਹੈ ।

Tags:    

Similar News