ਇਜ਼ਰਾਈਲ ਨੇ ਹਿਜ਼ਬੁੱਲਾ ਨਾਲ ਕੀਤੀ ਜੰਗਬੰਦੀ
ਗਾਜ਼ਾ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਸ ਨੇ ਲੇਬਨਾਨ ਵਿੱਚ ਪਿਛਲੇ 10 ਮਹੀਨਿਆਂ ਤੋਂ ਚੱਲ ਰਹੇ ਅੱਤਵਾਦੀ ਸੰਗਠਨ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਜੰਗ ਨੂੰ ਰੋਕ ਦਿੱਤਾ ਹੈ। ਜੰਗਬੰਦੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ, ਜੋ ਅੱਜ ਸਵੇਰ ਤੋਂ ਲਾਗੂ ਹੈ। ਇਸ ਸੌਦੇ ਵਿੱਚ ਅਮਰੀਕਾ ਅਤੇ ਫਰਾਂਸ ਸ਼ਾਮਲ ਸਨ।
ਜੰਗਬੰਦੀ ਨੂੰ ਲੈ ਕੇ ਬੈਠਕ 'ਚ ਲੇਬਨਾਨ ਸਰਕਾਰ ਦੇ ਮੰਤਰੀ ਸ਼ਾਮਲ ਸਨ, ਪਰ ਹਿਜ਼ਬੁੱਲਾ ਦਾ ਕੋਈ ਪ੍ਰਤੀਨਿਧੀ ਮੌਜੂਦ ਨਹੀਂ ਸੀ। ਇਜ਼ਰਾਈਲ ਨੇ ਜੰਗਬੰਦੀ ਨੂੰ ਲੈ ਕੇ ਇਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਜੇਕਰ ਹਿਜ਼ਬੁੱਲਾ ਸਮਝੌਤਾ ਤੋੜਦਾ ਹੈ ਤਾਂ ਉਹ ਦਾਖਲ ਹੋ ਕੇ ਹਮਲਾ ਕਰੇਗਾ ਅਤੇ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਬੈਂਜਾਮਿਨ ਨੇਤਨਯਾਹੂ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਸ ਸਮਝੌਤੇ ਨੂੰ ਸਵੀਕਾਰ ਕੀਤਾ ਹੈ ਤਾਂ ਜੋ ਈਰਾਨ ਅਤੇ ਗਾਜ਼ਾ 'ਤੇ ਧਿਆਨ ਦਿੱਤਾ ਜਾ ਸਕੇ।
ਇਜ਼ਰਾਈਲ ਦੀ ਸੁਰੱਖਿਆ ਮੰਤਰੀ ਮੰਡਲ ਵੱਲੋਂ ਸੌਦੇ ਨੂੰ 10-1 ਵੋਟਾਂ ਨਾਲ ਮਨਜ਼ੂਰੀ ਦੇਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਲੇਬਨਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨਾਲ ਗੱਲਬਾਤ ਕੀਤੀ ਹੈ। ਬਿਡੇਨ ਨੇ ਕਿਹਾ, "ਇਹ ਸਮਝੌਤਾ ਅਸਥਾਈ ਤੌਰ 'ਤੇ ਯੁੱਧ ਨੂੰ ਖਤਮ ਕਰਨ ਲਈ ਬਣਾਇਆ ਗਿਆ ਸੀ। ਹਿਜ਼ਬੁੱਲਾ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਇਜ਼ਰਾਈਲ ਦੀ ਸੁਰੱਖਿਆ ਵਿੱਚ ਦਖਲ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"