ਡੋਨਾਲਡ ਟਰੰਪ ਨੂੰ ਮਾਰਨਾ ਚਾਹੁੰਦਾ ਹੈ ਈਰਾਨ, ਦਿੱਤੀ ਸੁਪਾਰੀ
ਵਾਸ਼ਿੰਗਟਨ : ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਦੀ ਯੋਜਨਾ ਬਣਾਈ ਸੀ। ਇਹ ਗੱਲ ਮੈਨਹਟਨ ਦੀ ਸੰਘੀ ਅਦਾਲਤ ਵਿੱਚ ਦਾਇਰ ਇੱਕ ਅਪਰਾਧਿਕ ਸ਼ਿਕਾਇਤ ਵਿੱਚ ਕਹੀ ਗਈ ਹੈ। ਇਸ ਮੁਤਾਬਕ ਈਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਇਕ ਬੇਨਾਮ ਅਧਿਕਾਰੀ ਨੇ ਫਰਹਾਦ ਸ਼ਕੀਰੀ ਨਾਂ ਦੇ ਵਿਅਕਤੀ ਨੂੰ ਟਰੰਪ ਦੀ ਨਿਗਰਾਨੀ ਅਤੇ ਹੱਤਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ।
ਈਰਾਨ ਨੇ ਸਤੰਬਰ 'ਚ ਹੀ ਇਹ ਯੋਜਨਾ ਬਣਾਈ ਸੀ ਅਤੇ ਇਸ ਨੂੰ ਇਕ ਹਫਤੇ 'ਚ ਲਾਗੂ ਕਰਨ ਦਾ ਇਰਾਦਾ ਸੀ। ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਨਿਊਯਾਰਕ ਦੇ ਦੋ ਲੋਕ ਵੀ ਸ਼ਾਮਲ ਸਨ। ਫਰਹਾਦ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਹ ਸਤੰਬਰ 'ਚ ਅਜਿਹਾ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਅਮਰੀਕੀ ਚੋਣਾਂ ਦੇ ਖਤਮ ਹੋਣ ਤੱਕ ਇੰਤਜ਼ਾਰ ਕਰਨਾ ਹੋਵੇਗਾ। ਈਰਾਨ ਨੂੰ ਲੱਗਦਾ ਸੀ ਕਿ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਹਾਰ ਜਾਣਗੇ। ਅਜਿਹੇ 'ਚ ਟਰੰਪ ਨੂੰ ਜ਼ਿਆਦਾ ਸੁਰੱਖਿਆ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਮਾਰਨਾ ਆਸਾਨ ਹੋਵੇਗਾ।
ਸ਼ਿਕਾਇਤ ਦੇ ਅਨੁਸਾਰ, ਸ਼ਕੀਰੀ ਨੇ ਐਫਬੀਆਈ ਨੂੰ ਦੱਸਿਆ ਕਿ ਈਰਾਨੀ ਅਧਿਕਾਰੀ ਨੇ ਉਸਨੂੰ ਸੱਤ ਦਿਨਾਂ ਦੇ ਅੰਦਰ ਹੱਤਿਆ ਦੀ ਯੋਜਨਾ ਬਣਾਉਣ ਲਈ ਕਿਹਾ ਸੀ। ਹਾਲਾਂਕਿ ਉਸ ਨੇ ਇਸਦੀ ਯੋਜਨਾ ਨਹੀਂ ਬਣਾਈ ਸੀ। ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਉਨ੍ਹਾਂ ਦੀ ਜਿੱਤ ਤੋਂ ਕੁਝ ਦਿਨ ਬਾਅਦ ਹੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ 'ਤੇ ਦੋ ਵਾਰ ਜਾਨਲੇਵਾ ਹਮਲਾ ਹੋਇਆ ਸੀ। ਇਨ੍ਹਾਂ ਹਮਲਿਆਂ ਦੌਰਾਨ ਟਰੰਪ ਵਾਲ-ਵਾਲ ਬਚ ਗਏ।
ਫਰਹਾਦ ਦੇ ਨਾਲ ਨਿਊਯਾਰਕ ਦੇ ਦੋ ਲੋਕ ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਸਨ, 36 ਸਾਲਾ ਜੋਨਾਥਨ ਲੋਡੋਲਟ ਅਤੇ 49 ਸਾਲਾ ਕਾਰਲਿਸਲ ਰਿਵੇਰਾ। ਇਨ੍ਹਾਂ ਸਭ ਤੋਂ ਇਲਾਵਾ ਅਮਰੀਕਾ ਵਿਚ ਰਹਿ ਰਹੇ ਦੋ ਯਹੂਦੀ ਕਾਰੋਬਾਰੀ ਅਤੇ ਇਕ ਈਰਾਨੀ-ਅਮਰੀਕੀ ਕਾਰਕੁਨ ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਦੱਸੇ ਜਾਂਦੇ ਹਨ। 51 ਸਾਲਾ ਫਰਹਾਦ ਸ਼ਕੀਰੀ ਮੂਲ ਰੂਪ ਤੋਂ ਅਫਗਾਨ ਹੈ। ਡਕੈਤੀ ਦੇ ਇੱਕ ਕੇਸ ਵਿੱਚ 14 ਸਾਲ ਅਮਰੀਕੀ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਸਨੂੰ 2008 ਵਿੱਚ ਉਥੋਂ ਡਿਪੋਰਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਈਰਾਨੀ ਫੌਜ ਵਿਚ ਭਰਤੀ ਹੋ ਗਿਆ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਰਿਵੇਰਾ ਅਤੇ ਜੋਨਾਥਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਦੌਰਾਨ ਸ਼ਕੀਰੀ ਅਜੇ ਵੀ ਈਰਾਨ 'ਚ ਆਜ਼ਾਦ ਹੈ।