ਨਵੇਂ ਸਾਲ 'ਤੇ ਮਹਿੰਗਾਈ ਦਾ ਝਟਕਾ: LPG cylinder Rs 111 more expensive
ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਸਥਿਰ
ਨਵੀਂ ਦਿੱਲੀ: ਸਾਲ 2026 ਦੇ ਪਹਿਲੇ ਹੀ ਦਿਨ ਵਪਾਰਕ ਗੈਸ ਸਿਲੰਡਰ ਖਪਤਕਾਰਾਂ ਨੂੰ ਮਹਿੰਗਾਈ ਦਾ ਤਿੱਖਾ ਝਟਕਾ ਲੱਗਾ ਹੈ। ਤੇਲ ਕੰਪਨੀਆਂ ਨੇ 1 ਜਨਵਰੀ 2026 ਨੂੰ ਵਪਾਰਕ (Commercial) LPG ਸਿਲੰਡਰ ਦੀਆਂ ਕੀਮਤਾਂ ਵਿੱਚ 111 ਰੁਪਏ ਦਾ ਵਾਧਾ ਕਰ ਦਿੱਤਾ ਹੈ। ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ (14.2 ਕਿਲੋ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਉਹ ਪੁਰਾਣੀਆਂ ਦਰਾਂ 'ਤੇ ਹੀ ਮਿਲਣਗੇ।
ਮਹਾਨਗਰਾਂ ਵਿੱਚ ਵਪਾਰਕ ਸਿਲੰਡਰ ਦੀਆਂ ਨਵੀਆਂ ਦਰਾਂ
ਇੰਡੀਅਨ ਆਇਲ ਅਨੁਸਾਰ, ਅੱਜ ਤੋਂ 19 ਕਿਲੋ ਵਾਲਾ ਵਪਾਰਕ ਸਿਲੰਡਰ ਦਿੱਲੀ ਵਿੱਚ 1580.50 ਰੁਪਏ ਦੀ ਬਜਾਏ ਹੁਣ 1691.50 ਰੁਪਏ ਵਿੱਚ ਮਿਲੇਗਾ। ਕੋਲਕਾਤਾ ਵਿੱਚ ਇਸ ਦੀ ਕੀਮਤ 1684 ਰੁਪਏ ਤੋਂ ਵੱਧ ਕੇ 1795 ਰੁਪਏ ਹੋ ਗਈ ਹੈ। ਮੁੰਬਈ ਵਿੱਚ ਹੁਣ ਖਪਤਕਾਰਾਂ ਨੂੰ 1531.50 ਰੁਪਏ ਦੀ ਥਾਂ 1642.50 ਰੁਪਏ ਦੇਣੇ ਪੈਣਗੇ, ਜਦਕਿ ਚੇਨਈ ਵਿੱਚ ਨਵੀਂ ਕੀਮਤ 1849.50 ਰੁਪਏ ਹੋ ਗਈ ਹੈ।
ਘਰੇਲੂ ਸਿਲੰਡਰ ਦੀਆਂ ਕੀਮਤਾਂ
ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ। ਦਿੱਲੀ ਵਿੱਚ ਇਹ ₹853, ਮੁੰਬਈ ਵਿੱਚ ₹852.50, ਲਖਨਊ ਵਿੱਚ ₹890.50 ਅਤੇ ਪਟਨਾ ਵਿੱਚ ₹951 ਦੀ ਕੀਮਤ 'ਤੇ ਉਪਲਬਧ ਹੈ। ਇਸੇ ਤਰ੍ਹਾਂ ਕਾਰਗਿਲ ਵਿੱਚ ₹985.50 ਅਤੇ ਪੁਲਵਾਮਾ ਵਿੱਚ ₹969 ਦੀ ਦਰ ਬਰਕਰਾਰ ਹੈ।
ਸਾਲ 2025 ਵਿੱਚ ਮਿਲੀ ਸੀ ਰਾਹਤ
ਇਹ ਵਾਧਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ (2025) ਦੌਰਾਨ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਕਾਫੀ ਕਮੀ ਆਈ ਸੀ। ਜਨਵਰੀ ਤੋਂ ਦਸੰਬਰ 2025 ਦੇ ਵਿਚਕਾਰ ਦਿੱਲੀ ਵਿੱਚ ਵਪਾਰਕ ਸਿਲੰਡਰ ਲਗਭਗ 238 ਰੁਪਏ ਸਸਤਾ ਹੋਇਆ ਸੀ। ਪਿਛਲੇ ਸਾਲ ਦੌਰਾਨ ਕੁੱਲ 10 ਵਾਰ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ, ਜਿਸ ਵਿੱਚ ਸਭ ਤੋਂ ਵੱਡੀ ਰਾਹਤ ਜੁਲਾਈ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਮਿਲੀ ਸੀ। ਪਰ ਹੁਣ 2026 ਦੀ ਸ਼ੁਰੂਆਤ 111 ਰੁਪਏ ਦੇ ਸਿੱਧੇ ਵਾਧੇ ਨਾਲ ਹੋਈ ਹੈ।