America 'ਚ ਚਾਰ ਦਿਨਾਂ ਤੋਂ ਲਾਪਤਾ ਭਾਰਤੀ ਵਿਦਿਆਰਥੀ
ਨੂੰ ਆਖਰੀ ਵਾਰ ਮੰਗਲਵਾਰ ਸ਼ਾਮ 5 ਵਜੇ ਬਰਕਲੇ ਹਿਲਜ਼ ਦੇ ਨੇੜੇ ਦੇਖਿਆ ਗਿਆ ਸੀ।
ਪੁਲਿਸ ਵੱਲੋਂ ਜਾਨ ਨੂੰ ਖ਼ਤਰੇ ਦਾ ਖਦਸ਼ਾ
ਸੈਨ ਫਰਾਂਸਿਸਕੋ: 14 ਫਰਵਰੀ, 2026
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ। ਕੈਲੀਫੋਰਨੀਆ ਦੀ ਯੂਨੀਵਰਸਿਟੀ ਆਫ ਬਰਕਲੇ ਵਿੱਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਿਹਾ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ਼੍ਰੀਨਿਵਾਸਈਆ ਪਿਛਲੇ ਚਾਰ ਦਿਨਾਂ ਤੋਂ ਰਹੱਸਮਈ ਹਾਲਤ ਵਿੱਚ ਲਾਪਤਾ ਹੈ। ਅਮਰੀਕੀ ਪੁਲਿਸ ਵਿਭਾਗ ਨੇ ਸਾਕੇਤ ਦੀ ਭਾਲ ਲਈ ਵੱਡੇ ਪੱਧਰ 'ਤੇ ਮੁਹਿੰਮ ਵਿੱਢੀ ਹੈ ਅਤੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਵਿਦਿਆਰਥੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਸਾਕੇਤ, ਜੋ ਕਿ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਹੈ, ਨੂੰ ਆਖਰੀ ਵਾਰ ਮੰਗਲਵਾਰ ਸ਼ਾਮ 5 ਵਜੇ ਬਰਕਲੇ ਹਿਲਜ਼ ਦੇ ਨੇੜੇ ਦੇਖਿਆ ਗਿਆ ਸੀ।
ਸਾਕੇਤ ਸ਼੍ਰੀਨਿਵਾਸਈਆ ਇੱਕ ਹੋਣਹਾਰ ਵਿਦਿਆਰਥੀ ਹੈ ਜਿਸ ਨੇ ਸਾਲ 2025 ਵਿੱਚ ਆਈਆਈਟੀ ਮਦਰਾਸ ਤੋਂ ਬੀ.ਟੈਕ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮੌਜੂਦਾ ਸਮੇਂ ਵਿੱਚ ਉਹ ਯੂਸੀ ਬਰਕਲੇ ਵਿੱਚ ਕੈਮੀਕਲ ਅਤੇ ਬਾਇਓਮੋਲੀਕਿਊਲਰ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸਥਾਨਕ ਅਧਿਕਾਰੀਆਂ ਅਤੇ ਪੀੜਤ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਹਨ। ਸਾਕੇਤ ਦੇ ਰੂਮਮੇਟ ਬਨੇਤਾਸ ਸਿੰਘ ਨੇ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਵੱਲੋਂ ਜਾਰੀ ਕੀਤੇ ਹੁਲੀਏ ਮੁਤਾਬਕ ਸਾਕੇਤ ਦਾ ਕੱਦ 6 ਫੁੱਟ 1 ਇੰਚ ਹੈ, ਉਸ ਦੀਆਂ ਅੱਖਾਂ ਭੂਰੀਆਂ ਹਨ ਅਤੇ ਵਾਲ ਛੋਟੇ ਹਨ।
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਨਸਲੀ ਵਿਤਕਰੇ ਅਤੇ ਹਿੰਸਾ ਦੀਆਂ ਘਟਨਾਵਾਂ ਨੇ ਭਾਰਤ ਵਿੱਚ ਵੀ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ ਸੰਸਦ ਵਿੱਚ ਵੀ ਵਿਦੇਸ਼ਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਉੱਠਿਆ ਸੀ, ਜਿਸ 'ਤੇ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਸੀ ਕਿ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਰੂਸ ਅਤੇ ਹੋਰਨਾਂ ਦੇਸ਼ਾਂ ਵਿੱਚ ਵੀ ਵਿਦਿਆਰਥੀਆਂ 'ਤੇ ਹੋਏ ਹਮਲਿਆਂ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਬਰਕਲੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਸਾਕੇਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸਾਂਝੀ ਕਰੇ।