Iran ਤੋਂ ਤੇਲ ਆਯਾਤ ਬਾਰੇ Indian Government ਨੇ ਅਫਵਾਹਾਂ ਨੂੰ ਖਾਰਜ ਕੀਤਾ
ਪੈਟਰੋਲਿਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰਾਲੇ ਨੇ ਸ਼ਨੀਵਾਰ ਨੂੰ ਉਹਨਾਂ ਸਾਰੀਆਂ ਰਿਪੋਰਟਾਂ ਅਤੇ ਦਾਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ...
ਨਵੀਂ ਦਿੱਲੀ, 4 ਅਪ੍ਰੈਲ : ਪੈਟਰੋਲਿਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰਾਲੇ ਨੇ ਸ਼ਨੀਵਾਰ ਨੂੰ ਉਹਨਾਂ ਸਾਰੀਆਂ ਰਿਪੋਰਟਾਂ ਅਤੇ ਦਾਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਈਰਾਨ ਤੋਂ ਕੱਚਾ ਤੇਲ ਲੈ ਕੇ ਆਉਣ ਵਾਲਾ ਇੱਕ ਟੈਂਕਰ ਭੁਗਤਾਨ ਵਿਵਾਦ ਕਾਰਨ ਭਾਰਤ ਦੀ ਬਜਾਏ ਚੀਨ ਚਲਾ ਗਿਆ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਈਰਾਨ ਤੋਂ ਕੱਚੇ ਤੇਲ ਦੇ ਆਯਾਤ ਵਿੱਚ ਕਿਸੇ ਵੀ ਤਰ੍ਹਾਂ ਦੀ ਭੁਗਤਾਨ ਸੰਬੰਧੀ ਸਮੱਸਿਆ ਨਹੀਂ ਹੈ।
40 ਤੋਂ ਵੱਧ ਦੇਸ਼ਾਂ ਤੋਂ ਤੇਲ ਖਰੀਦ ਰਿਹਾ ਭਾਰਤ
ਮੰਤਰਾਲੇ ਦੇ ਅਨੁਸਾਰ, ਭਾਰਤੀ ਰਿਫਾਈਨਰੀ ਕੰਪਨੀਆਂ ਆਪਣੀਆਂ ਵਪਾਰਕ ਜ਼ਰੂਰਤਾਂ ਅਤੇ ਤਰਜੀਹਾਂ ਦੇ ਆਧਾਰ ’ਤੇ ਦੁਨੀਆ ਦੇ 40 ਤੋਂ ਵੱਧ ਦੇਸ਼ਾਂ ਤੋਂ ਕੱਚੇ ਤੇਲ ਦੀ ਖਰੀਦ ਕਰ ਰਹੀਆਂ ਹਨ। ਇਸ ਨਾਲ ਭਾਰਤ ਦੀ ਊਰਜਾ ਸਪਲਾਈ ਵਿਭਿੰਨ ਅਤੇ ਸਥਿਰ ਬਣੀ ਹੋਈ ਹੈ। ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ’ਤੇ ਬਿਆਨ ਜਾਰੀ ਕਰਦੇ ਹੋਏ ਇਨ੍ਹਾਂ ਖ਼ਬਰਾਂ ਨੂੰ ‘ਤੱਥਾਂ ਦੇ ਅਧਾਰ ’ਤੇ ਗਲਤ’ ਦੱਸਿਆ ਅਤੇ ਕਿਹਾ ਕਿ ਭਾਰਤ ਦਾ ਈਰਾਨ ਤੋਂ ਤੇਲ ਆਯਾਤ ਆਮ ਤੌਰ ’ਤੇ ਜਾਰੀ ਹੈ।
ਵਿਸ਼ਵ ਪੱਧਰੀ ਤੇਲ ਵਪਾਰ ਵਿੱਚ ਆਮ ਪ੍ਰਕਿਰਿਆ
ਸ਼ੁੱਕਰਵਾਰ ਨੂੰ ਕੇਪਲਰ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਫਰਾਮੈਕਸ ਟੈਂਕਰ ‘ਪਿੰਗ ਸ਼ੁਨ’ ਗੁਜਰਾਤ ਦੇ ਵਾਡੀਨਾਰ ਬੰਦਰਗਾਹ ਦੀ ਬਜਾਏ ਡੋਂਗਯਿੰਗ (ਚੀਨ) ਵੱਲ ਵੱਧ ਰਿਹਾ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਯਾਤਰਾ ਦੌਰਾਨ ਵਪਾਰਕ ਹਾਲਾਤਾਂ ਅਤੇ ਆਪਰੇਸ਼ਨਲ ਲਚਕੀਲੇਪਣ ਦੇ ਆਧਾਰ ’ਤੇ ਜਹਾਜ਼ਾਂ ਦੇ ਗੰਤਵ ਵਿੱਚ ਤਬਦੀਲੀ ਕਰਨਾ ਵਿਸ਼ਵ ਪੱਧਰੀ ਤੇਲ ਵਪਾਰ ਵਿੱਚ ਇੱਕ ਆਮ ਪ੍ਰਕਿਰਿਆ ਹੈ। ਨਾਲ ਹੀ, ‘ਬਿਲ ਆਫ ਲੇਡਿੰਗ’ ਵਿੱਚ ਅਕਸਰ ਸੰਭਾਵਿਤ ਬੰਦਰਗਾਹਾਂ ਦਾ ਹੀ ਜ਼ਿਕਰ ਹੁੰਦਾ ਹੈ, ਜਿਨ੍ਹਾਂ ਨੂੰ ਲੋੜ ਮੁਤਾਬਕ ਬਦਲਿਆ ਜਾ ਸਕਦਾ ਹੈ।