ਅਲਾਬਾਮਾ ਰਾਜ ਵਿਚ ਬੇਰਹਿਮੀ ਨਾਲ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਨੂੰ ਨਾਈਟਰੋਜ਼ਨ ਗੈਸ ਨਾਲ ਦਿੱਤੀ ਜਾਵੇਗੀ ਮੌਤ
ਅਲਾਬਾਮਾ ਰਾਜ ਵਿਚ ਬੇਰਹਿਮੀ ਨਾਲ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋਸ਼ੀ ਨੂੰ ਨਾਈਟਰੋਜ਼ਨ ਗੈਸ ਨਾਲ ਦਿੱਤੀ ਜਾਵੇਗੀ ਮੌਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ 49 ਸਾਲਾ ਕੇਰੀ ਡੇਲ ਗਰੇਸਨ ਨੂੰ 1994 ਵਿਚ ਬਹੁਤ ਹੀ ਬੇਰਹਿਮੀ ਨਾਲ ਇਕ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਨਿਭਾਈ ਭੂਮਿਕਾ ਲਈ ਹੋਈ ਮੌਤ ਦੀ ਸਜ਼ਾ ਦੇ ਫੈਸਲੇ ਉਪਰ ਅਮਲ ਕਰਦਿਆਂ ਅਗਲੇ 48 ਘੰਟਿਆਂ ਦੌਰਾਨ ਕਿਸੇ ਵੇਲੇ ਵੀ ਨਾਈਟਰੋਜ਼ਨ ਗੈਸ ਚੜਾ ਕੇ ਸਦਾ ਦੀ ਨੀਂਦ ਸਵਾ ਦਿੱਤਾ ਜਾਵੇਗਾ।
ਅਪਰਾਧ ਕਰਨ ਵੇਲੇ ਉਸ ਦੀ ਉਮਰ 19 ਸਾਲ ਸੀ। ਉਹ ਤੀਸਰਾ ਵਿਅਕਤੀ ਹੋਵੇਗਾ ਜਿਸ ਨੂੰ ਨਾਈਟਰੋਜ਼ਨ ਗੈਸ ਨਾਲ ਖਤਮ ਕੀਤਾ ਜਾਵੇਗਾ। ਅਦਾਲਤੀ ਰਿਕਾਰਡ ਅਨੁਸਾਰ 21 ਫਰਵਰੀ 1994 ਨੂੰ 37 ਸਾਲਾ ਔਰਤ ਵਿਕੀ ਲਿਨ ਡੈਬਲੀਔਕਸ ਨੂੰ ਉਸ ਦੇ ਇਕ ਦੋਸਤ ਨੇ ਇੰਟਰਸਟੇਟ 59 ਨੇੜੇ ਚਟਾਨੂਗਾ ਵਿਖੇ ਛੱਡਿਆ ਸੀ। ਉਹ ਦੱਖਣ ਪੂਰਬੀ ਟੈਨੇਸੀ ਤੋਂ ਵੈਸਟ ਮੋਨਰੋ, ਲੁਇਸਿਆਨਾ ਆਪਣੀ ਮਾਂ ਕੋਲ ਜਾਣ ਲਈ ਕਿਸੇ ਵਾਹਣ ਦੀ ਉਡੀਕ ਵਿਚ ਸੀ ਤਾਂ ਗਰੇਸਨ ਸਮੇਤ 3 ਹੋਰਨਾਂ ਨੇ ਡੈਬਲੀਔਕਸ ਨੂੰ ਆਪਣੇ ਵਾਹਣ ਵਿਚ ਬੈਠਾ ਲਿਆ ਤੇ ਬਾਅਦ ਵਿਚ ਜੰਗਲ ਵਿੱਚ ਲਿਜਾ ਕੇ ਉਸ ਦੀ ਬਹੁਤ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਉਸ ਨੂੰ ਮਾਰਿਆ ਕੁੱਟਿਆ ਗਿਆ। ਗਲਾ ਦਬਾਇਆ ਗਿਆ। ਅਦਾਲਤੀ ਰਿਕਾਰਡ ਅਨੁਸਾਰ ਉਸ ਦੇ ਫੇਫੜੇ ਦਾ ਇਕ ਹਿੱਸਾ ਕੱਢ ਦਿੱਤਾ ਗਿਆ ਤੇ ਉਸ ਦੀਆਂ ਉਂਗਲਾਂ ਕਟ ਦਿੱਤੀਆਂ ਗਈਆਂ। ਮਾਰਨ ਉਪਰੰਤ ਉਸ ਦੀ ਲਾਸ਼ ਪਹਾੜੀ ਉਪਰ ਸੁੱਟ ਦਿੱਤੀ ਗਈ ਸੀ।