ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ, ਤਾਂ ਅੱਜ ਦੇਸ਼ ਵਿੱਚ ਹਿੰਦੂ ਧਰਮ ਦਾ ਬਚਣਾ ਮੁਸ਼ਕਿਲ ਸੀ : ਅਮਿੱਤ ਸ਼ਾਹ
ਮੋਗਾ ਰੈਲੀ 'ਚ ਅਮਿਤ ਸ਼ਾਹ ਦਾ ਗਰਜਵਾਂ ਐਲਾਨ: 2027 'ਚ ਪੰਜਾਬ 'ਚ ਬਣੇਗੀ ਭਾਜਪਾ ਸਰਕਾਰ, ਨਸ਼ਾਖੋਰੀ ਤੇ ਗੈਂਗਸਟਰਵਾਦ ਦਾ ਹੋਵੇਗਾ ਸਫਾਇਆ
ਮੋਗਾ: 14 ਮਾਰਚ, 2026
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਗਾ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਮੌਜੂਦਾ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੁੱਖ ਏਜੰਡਾ ਪੇਸ਼ ਕੀਤਾ। ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਸਿੱਖ ਗੁਰੂਆਂ ਅਤੇ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਜੇਕਰ ਗੁਰੂ ਸਾਹਿਬ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਨਾ ਦਿੰਦੇ, ਤਾਂ ਅੱਜ ਦੇਸ਼ ਵਿੱਚ ਹਿੰਦੂ ਧਰਮ ਦਾ ਬਚਣਾ ਮੁਸ਼ਕਿਲ ਸੀ। ਉਨ੍ਹਾਂ ਸਿਰ 'ਤੇ ਸਜੀ ਪੱਗ ਨੂੰ ਗੁਰੂ ਘਰ ਪ੍ਰਤੀ ਪੂਰੇ ਭਾਰਤ ਦੇ ਕਰਜ਼ ਦਾ ਪ੍ਰਤੀਕ ਦੱਸਿਆ।
ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਹੁਣ ਭਾਜਪਾ ਹੀ ਅਗਲੀ ਸਰਕਾਰ ਬਣਾਏਗੀ। ਉਨ੍ਹਾਂ ਪੁਰਾਣੇ ਸਿਆਸੀ ਤਜ਼ਰਬਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਜਿੱਥੇ ਵੀ 19 ਫੀਸਦੀ ਵੋਟਾਂ ਦਾ ਅੰਕੜਾ ਪਾਰ ਕਰਦੀ ਹੈ, ਉੱਥੇ ਪਾਰਟੀ ਦੀ ਸਰਕਾਰ ਬਣਦੀ ਹੈ ਅਤੇ 2024 ਦੀਆਂ ਚੋਣਾਂ ਵਿੱਚ ਪੰਜਾਬ ਤੋਂ ਮਿਲੀ 19 ਫੀਸਦੀ ਵੋਟ ਇਸ ਗੱਲ ਦਾ ਸਬੂਤ ਹੈ ਕਿ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ 'ਆਪ' ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਦੇ 'ਪਾਇਲਟ' ਬਣ ਗਏ ਹਨ ਅਤੇ ਪੰਜਾਬ ਦਾ ਖਜ਼ਾਨਾ ਕੇਜਰੀਵਾਲ ਦੇ ਦੌਰਿਆਂ 'ਤੇ ਖਰਚਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਕੇਜਰੀਵਾਲ ਦਾ 'ਏਟੀਐਮ' ਦੱਸਦਿਆਂ ਉਨ੍ਹਾਂ ਕਿਹਾ ਕਿ ਨਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਨਾ ਹੀ ਨਸ਼ਾ ਖ਼ਤਮ ਹੋਇਆ।
ਅਮਿਤ ਸ਼ਾਹ ਨੇ ਪੰਜਾਬ ਦੀਆਂ ਅਸਲ ਸਮੱਸਿਆਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੂਰੇ ਦੇਸ਼ ਦੇ ਨਸ਼ਾ ਵਪਾਰ ਦਾ 45 ਫੀਸਦੀ ਹਿੱਸਾ ਇਕੱਲੇ ਪੰਜਾਬ ਵਿੱਚ ਹੈ, ਜਿਸ ਨੂੰ ਸਿਰਫ਼ ਭਾਜਪਾ ਹੀ ਰੋਕ ਸਕਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਭਾਜਪਾ ਦੀ ਸਰਕਾਰ ਆਉਣ 'ਤੇ ਦੋ ਸਾਲਾਂ ਦੇ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਜੜ੍ਹੋਂ ਉਖਾੜ ਦਿੱਤਾ ਜਾਵੇਗਾ। ਕਿਸਾਨਾਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਮੋਦੀ ਸਰਕਾਰ ਨੇ ਹੀ ਦੇਸ਼ ਵਿੱਚ ਸਭ ਤੋਂ ਵੱਧ MSP 'ਤੇ ਫਸਲਾਂ ਦੀ ਖਰੀਦ ਕੀਤੀ ਹੈ ਅਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਯਕੀਨੀ ਬਣਾਈ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮੱਕੀ ਦੀ ਫਸਲ ਨੂੰ ਵੀ ਹੁਣ MSP 'ਤੇ ਖਰੀਦਿਆ ਜਾ ਰਿਹਾ ਹੈ।
ਸਿੱਖ ਭਾਈਚਾਰੇ ਲਈ ਕੇਂਦਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਇਆ, ਲੰਗਰ ਤੋਂ GST ਹਟਾਇਆ ਅਤੇ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ 'ਤੇ ਜ਼ੁਲਮ ਕੀਤੇ ਸਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਚੰਗਾ ਸ਼ਾਸਨ ਦੇ ਸਕੇ, ਨਾ ਕਿ ਸਿਰਫ਼ ਹਸਾਉਣ ਵਾਲੇ ਦੀ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਧਰਮ ਪਰਿਵਰਤਨ ਵਿਰੋਧੀ ਬਿੱਲ ਲਿਆਂਦਾ ਜਾਵੇਗਾ ਅਤੇ ਪੰਜਾਬ ਨੂੰ ਹਰ ਪੱਖੋਂ ਵਿਕਸਤ ਕੀਤਾ ਜਾਵੇਗਾ।