''ਸੰਘੀ ਅਦਾਲਤਾਂ ਦੇ ਆਦੇਸ਼ਾਂ ਨੂੰ ਨਹੀਂ ਮੰਨਦੀ ਹੋਮਲੈਂਡ ਸਕਿਉਰਿਟੀ ਸੈਕਟਰੀ ਨੋਇਮ''
ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਥਾਨੇਦਾਰ ਤੇ ਨੋਇਮ ਵਿਚਾਲੇ ਤਿੱਖੀ ਬਹਿਸ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕਾਂਗਰਸ ਨਾਲ ਸਬੰਧਤ ਇੱਕ ਸੁਣਵਾਈ ਦੌਰਾਨ ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਨੇ ਦੋਸ਼ ਲਾਇਆ ਕਿ ਹੋਮਲੈਂਡ ਸਕਿਉਰਿਟੀ (ਡੀ ਐਚ ਐਸ) ਸੈਕਟਰੀ ਕ੍ਰਿਸਟੀ ਨੋਇਮ ਸੰਘੀ ਅਦਾਲਤਾਂ ਨੂੰ ਨਹੀਂ ਮੰਨਦੀ ਤੇ ਉਹ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਉਪਰੰਤ ਥਾਨੇਦਾਰ ਤੇ ਨੋਇਮ ਵਿਚਾਲੇ ਤਿੱਖੀ ਬਹਿਸ ਹੋਈ। ਥਾਨੇਦਾਰ ਨੇ ਕਿਹਾ ਕਿ ਹੋਮਲੈਂਡ ਸਕਿਉਰਿਟੀ ਦੇ ਸੈਕਟਰੀ ਵਜੋਂ ਜੋ ਤੁਹਾਡੇ ਉਪਰ ਭਰੋਸਾ ਪ੍ਰਗਟਾਇਆ ਗਿਆ ਸੀ, ਤੁਸੀਂ ਉਸ ਨਾਲ ਖਿਲਵਾੜ ਕੀਤਾ ਹੈ। ਥਾਨੇਦਾਰ ਜੋ ਹਾਊਸ ਹੋਮਲੈਂਡ ਸਕਿਉਰਿਟੀ ਕਮੇਟੀ ਦੇ ਇਕੋ ਇੱਕ ਭਾਰਤੀ ਅਮਰੀਕੀ ਮੈਂਬਰ ਹਨ, ਨੇ ਕਿਹਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ।
ਥਾਨੇਦਾਰ ਨੇ ਕਿਹਾ ਕਿ ਮਾਰਚ ਵਿੱਚ ਐਲ ਸਲਵਾਡੋਰ ਨੂੰ ਦੇਸ਼ ਨਿਕਾਲੇ ਸਬੰਧੀ ਉਡਾਣਾਂ ਦੇ ਹੁਕਮ ਨਾ ਦੇ ਕੇ ਨੋਇਮ ਨੇ ਸੰਘੀ ਅਦਾਲਤ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ। ਉਨਾਂ ਕਿਹਾ ਕਿ ਅਦਾਲਤ ਨੇ ਡੀ ਐਚ ਐਸ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਉਨਾਂ ਨੇ ਨੋਇਮ ਉਪਰ ਝੂਠ ਬੋਲਣ ਦਾ ਦੋਸ਼ ਵੀ ਲਾਇਆ। ਨੋਇਮ ਨੇ ਇਨਾਂ ਸਾਰੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਡੀ ਐਚ ਐਸ ਤੇ ਉਨਾਂ ਦਾ ਪ੍ਰਸਾਸ਼ਨ ਸੰਘੀ ਅਦਾਲਤਾਂ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕਰਦਾ ਹੈ। ਥਾਣੇਦਾਰ ਆਪਣੇ ਦੋਸ਼ਾਂ ਉਪਰ ਕਾਇਮ ਰਹੇ ਤੇ ਉਨਾਂ ਕਿਹਾ ਕਿ ਡੀ ਐਚ ਐਸ ਅਮਰੀਕੀ ਸ਼ਹਿਰੀਆਂ ਨੂੰ ਵੀ ਗ੍ਰਿਫਤਾਰ ਕਰ ਰਿਹਾ ਹੈ। ਉਨਾਂ ਕਿਹਾ ਕਿ ਇੱਕਲੇ ਇਸ ਸਾਲ ਹੀ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਅਮਰੀਕੀਆਂ ਸ਼ਹਿਰੀਆਂ ਨੂੰ ਗ੍ਰਿਫਤਾਰ ਕਰਨ ਜਾਂ ਹਿਰਾਸਤ ਵਿੱਚ ਲੈਣ ਦੇ 170 ਮਾਮਲੇ ਸਾਹਮਣੇ ਆਏ ਹਨ। ਨੋਇਮ ਨੇ ਕੁਝ ਵੀ ਗਲਤ ਹੋਣ ਤੋਂ ਨਾਂਹ ਕਰਦਿਆਂ ਕਿਹਾ ਕਿ ਅਸੀਂ ਕਦੀ ਵੀ ਅਮਰੀਕੀ ਸ਼ਹਿਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਨਾ ਹੀ ਦੇਸ਼ ਨਿਕਾਲਾ ਦਿੱਤਾ ਹੈ। ਨੋਇਮ ਨੇ ਕਿਹਾ ਕਿ ਅਸੀਂ ਉਨਾਂ ਦੀ ਜਾਂਚ ਪੜਤਾਲ ਜਰੂਰ ਕੀਤੀ ਹੈ ਜਿਸ ਉਪਰੰਤ ਉਨਾਂ ਨੂੰ ਛੱਡ ਦਿੱਤਾ ਗਿਆ। ਥਾਨੇਦਾਰ ਨੇ ਕਿਹਾ ਕਿ ਜੇਕਰ ਨੋਇਮ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਤਾਂ ਕੀ ਉਹ ਅਸਤੀਫਾ ਦੇਵੇਗੀ। ਸੁਣਵਾਈ ਦੌਰਾਨ ਹੋਰ ਡੈਮੋਕਰੈਟਸ ਤੇ ਰਿਪਬਲੀਕਨ ਮੈਂਬਰ ਵੀ ਇਕ ਦੂਸਰ ਨਾਲ ਉਲਝ ਗਏ। ਡੈਮੋਕਰੈਟਸ ਮੈਂਬਰ ਨੋਇਮ ਉਪਰ ਸਿੱਧੇ ਤੌਰ ਹੁਕਮ ਅਦੂਲੀ ਕਰਨ ਦੇ ਦੋਸ਼ ਲਾਉਂਦੇ ਰਹੇ ਜਦ ਕਿ ਰਿਪਬਲੀਕਨ ਮੈਂਬਰ ਅਲੋਚਕਾਂ ਉਪਰ ਲਾਅ ਇਨਫੋਰਸਮੈਂਟ ਏਜੰਸੀ ਨੂੰ ਘਟਾ ਕੇ ਵੇਖਣ ਦਾ ਦੋਸ਼ ਲਾਉਂਦੇ ਰਹੇ। ਉਸ ਵੇਲੇ ਡੈਮੋਕਰੈਟਸ ਮੈਂਬਰਾਂ ਨੇ ਸਖਤ ਇਤਰਾਜ ਕੀਤਾ ਜਦੋਂ ਨੋਇਮ ਸਾਰੇ ਪ੍ਰਸ਼ਨਾਂ ਦਾ ਉਤਰ ਦਿੱਤੇ ਬਿਨਾਂ ਉਥੋਂ ਚਲੇ ਗਈ।