ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਆਉਣ ਦੀ ਖੁਲ੍ਹ ਹੋਵੇਗੀ-ਡੋਨਾਲਡ ਟਰੰਪ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਪ੍ਰੋਗਰਾਮ ਦਾ ਸਰਮਥਨ ਕੀਤਾ ਹੈ। ਚੋਣ ਜਿੱਤਣ ਉਪਰੰਤ ਪ੍ਰਵਾਸੀ ਕਾਮਿਆਂ ਦੇ ਮੁੱਦੇ 'ਤੇ ਪਹਿਲੀ ਟਿੱਪਣੀ ਕਰਦਿਆਂ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉੱਚ ਹੁਨਰਮੰਦ ਵਿਦੇਸ਼ੀਆਂ ਲਈ ਅਮਰੀਕਾ ਦੇ ਦਰਵਾਜ਼ੇ ਖੁਲੇ ਰਹਿਣਗੇ।
ਉਨਾਂ ਦੀ ਇਸ ਟਿੱਪਣੀ ਕਾਰਨ ਉਨਾਂ ਦੇ ਸਮਰਥਕ ਵੀ ਦੋ ਹਿੱਸਿਆਂ ਵਿਚ ਵੰਡੇ ਗਏ ਹਨ। ਟਰੰਪ ਨੇ 'ਦ ਨਿਊਯਾਰਕ ਪੋਸਟ' ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਐਚ-1 ਬੀ ਵੀਜ਼ਾ ਵਿਚ ਵਿਸ਼ਵਾਸ਼ ਰਖਦੇ ਹਨ। ਉਨਾਂ ਨੇ ਬੀਤੇ ਵਿਚ ਵਿਸ਼ੇਸ਼ ਅਸਾਮੀਆਂ ਭਰਨ ਲਈ ਅਮਰੀਕਾ ਸੱਦੇ ਗਏ ਹਜਾਰਾਂ ਵਿਦੇਸ਼ੀ ਕਾਮਿਆਂ ਦਾ ਹਵਾਲਾ ਵੀ ਦਿੱਤਾ।
ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਵੀਜ਼ਾ ਪ੍ਰੋਗਰਾਮ ਦੀ ਅਲੋਚਨਾ ਕਰਦਿਆਂ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਸੱਦਣ ਦੇ ਪ੍ਰੋਗਰਾਮ ਉਪਰ ਰੋਕ ਲਾ ਦਿੱਤੀ ਸੀ ਪਰੰਤੂ 2024 ਵਿਚ ਆਪਣੀ ਚੋਣ ਮੁਹਿੰਮ ਦੌਰਾਨ ਉਨਾਂ ਨੇ ਸੰਕੇਤ ਦਿੱਤਾ ਸੀ ਕਿ ਜਿਨਾਂ ਵਿਦੇਸ਼ੀ ਵਰਕਰਾਂ ਨੇ ਅਮਰੀਕੀ ਯੁਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ , ਉਨਾਂ ਨੂੰ ਕਾਨੂੰਨੀ ਦਰਜਾ ਦਿੱਤਾ ਜਾ ਸਕਦਾ ਹੈ।
ਟਰੰਪ ਨੇ ਗੱਲਬਾਤ ਦੌਰਾਨ ਕਿਹਾ ਕਿ '' ਉਹ ਹਮੇਸ਼ਾਂ ਵੀਜ਼ਾ ਪ੍ਰੋਗਰਾਮ ਸਮਰਥਕ ਰਹੇ ਹਨ। ਮੇਰੀਆਂ ਤਰਜ਼ੀਹਾਂ ਵਿਚ ਐਚ-1 ਬੀ ਵੀਜ਼ਾ ਰਿਹਾ ਹੈ, ਮੈ ਐਚ-1ਬੀ ਵੀਜ਼ੇ ਵਿਚ ਵਿਸ਼ਵਾਸ਼ ਰਖਦਾ ਹਾਂ। ਮੈ ਇਸ ਨੂੰ ਬਹੁਤ ਵਾਰ ਵਰਤਿਆ ਹੈ। ਇਹ ਬਹੁਤ ਉੱਚ ਦਰਜੇ ਦਾ ਪ੍ਰੋਗਰਾਮ ਹੈ।'' ਇਥੇ ਜਿਕਰਯੋਗ ਹੈ ਕਿ ਉਦਯੋਗਪਤੀ ਏਲਨ ਮਸਕ ਤੇ ਵਿਵੇਕ ਰਾਮਾਸਵਾਮੀ ਜਿਨਾਂ ਨੂੰ ਟਰੰਪ ਨੇ ਨਵੇਂ ਬਣਾਏ ਵਿਭਾਗ ''ਡਿਪਾਰਟਮੈਂਟ ਆਫ ਐਫੀਸ਼ੀਐਂਸੀ'' ਦੀ ਅਗਵਾਈ ਸੌਂਪੀ ਹੈ, ਨੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਪ੍ਰੋਗਰਾਮ ਦਾ ਸਮਰਥਨ ਕੀਤਾ ਹੈ। ਹੁਣ ਟਰੰਪ ਦੁਆਰਾ ਇਸ ਪ੍ਰੋਗਰਾਮ ਉਪਰ ਕੀਤੀ ਹਾਂ ਪੱਖੀ ਟਿੱਪਣੀ ਨੇ ਇਸ ਮੁੱਦੇ 'ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਮਸਕ ਨੇ ਕਿਹਾ ਸੀ '' ਮੈ ਹੋਰ ਕਈ ਲੋਕਾਂ , ਜਿਨਾਂ ਨੇ ਸਪੇਸ ਐਕਸ, ਟੈਸਲਾ ਤੇ ਹੋਰ ਸੈਂਕੜੇ ਕੰਪਨੀਆਂ ਬਣਾਈਆਂ ਜਿਨਾਂ ਸਦਕਾ ਅਮਰੀਕਾ ਮਜਬੂਤ ਬਣਿਆ, ਵਾਂਗ ਐਚ-1ਬੀ ਵੀਜ਼ੇ ਕਾਰਨ ਹੀ ਅਮਰੀਕਾ ਵਿਚ ਹਾਂ।
ਮੈ ਇਸ ਮੁੱਦੇ 'ਤੇ ਆਪਣੀ ਗੱਲ ਜੋਰਦਾਰ ਢੰਗ ਨਾਲ ਰਖਾਂਗਾ ਕਿਉਂਕਿ ਸੰਭਾਵੀ ਤੌਰ 'ਤੇ ਤੁਸੀਂ ਇਸ ਪ੍ਰਗਰਾਮ ਨੂੰ ਖਤਮ ਨਹੀਂ ਕਰ ਸਕਦੇ।'' ਦੱਖਣੀ ਅਫਰੀਕਾ ਵਿਚ ਪੈਦਾ ਹੋਏ ਮਸਕ ਆਪਣੀ ਮਾਂ ਸਦਕਾ ਕੈਨੇਡੀਅਨ ਨਾਗਰਿਕਤਾ ਲੈਣ ਉਪਰੰਤ ਅਮਰੀਕਾ ਵਿਚ ਇਕ ਵਿਦੇਸ਼ੀ ਵਿਦਿਆਰਥੀ ਵਜੋਂ ਆਇਆ ਸੀ ਤੇ ਬਾਅਦ ਵਿਚ ਉਸ ਨੇ ਐਚ-1ਬੀ ਵੀਜ਼ੇ ਉਪਰ ਕੰਮ ਕੀਤਾ ਸੀ। ਦੂਸਰੇ ਪਾਸੇ ਇਮੀਗ੍ਰੇਸ਼ਨ ਵਿਰੋਧੀ ਟਰੰਪ ਸਮਰਥਕ ਇਸ ਮੁੱਦੇ 'ਤੇ ਕੋਈ ਸਮਝਤਾ ਕਰਨ ਲਈ ਤਿਆਰ ਨਹੀਂ ਹਨ। ਸਾਬਕਾ ਟਰੰਪ ਸਹਾਇਕ ਸਟੀਵ ਬੈਨਨ ਟਰੰਪ ਦੇ ਉਨਾਂ ਵਫਾਦਾਰਾਂ ਵਿਚ ਸ਼ਾਮਿਲ ਹੋ ਗਏ ਹਨ ਜੋ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਸੱਦਣ ਦਾ ਵਿਰੋਧ ਕਰ ਰਹੇ ਹਨ। ਇਨਾਂ ਵਿਚ ਸਾਬਕਾ ਸਾਂਸਦ ਮੈਟ ਗੇਟਜ ਤੇ ਸੱਜੇ ਪੱਖੀ ਲੌਰਾ ਲੂਮਰ ਸ਼ਾਮਿਲ ਹਨ। ਸਟੀਵ ਬੈਨਨ ਨੇੇ ਐਚ-1ਬੀ ਵੀਜ਼ਾ ਪ੍ਰੋਗਰਾਮ ਨੂੰ ''ਘੋਟਾਲਾ'' ਕਰਾਰ ਦਿੱਤਾ ਹੈ।