ਗੁਜਰਾਤ ਦੇ 'ਬੁਲਡੋਜ਼ਰ ਮੈਨ' ਹਰਸ਼ ਸੰਘਵੀ ਬਣੇ ਉਪ ਮੁੱਖ ਮੰਤਰੀ
ਨੌਜਵਾਨ ਲੀਡਰਸ਼ਿਪ ਨੂੰ ਤਰੱਕੀ
ਗਾਂਧੀਨਗਰ, 17 ਅਕਤੂਬਰ: ਗੁਜਰਾਤ ਦੀ ਰਾਜਨੀਤੀ ਵਿੱਚ ਇੱਕ ਵੱਡਾ ਫੇਰਬਦਲ ਕਰਦੇ ਹੋਏ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 'ਬੁਲਡੋਜ਼ਰ ਮੈਨ' ਵਜੋਂ ਜਾਣੇ ਜਾਂਦੇ ਹਰਸ਼ ਸੰਘਵੀ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਸੰਘਵੀ ਉਨ੍ਹਾਂ 25 ਮੰਤਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਨਵੀਂ ਟੀਮ ਵਜੋਂ ਅੱਜ ਸਹੁੰ ਚੁੱਕੀ।
40 ਸਾਲਾ ਹਰਸ਼ ਸੰਘਵੀ, ਜਿਨ੍ਹਾਂ ਨੇ ਹਾਲ ਹੀ ਵਿੱਚ ਬੰਗਲਾਦੇਸ਼ੀ ਘੁਸਪੈਠੀਆਂ ਵਿਰੁੱਧ ਤੇਜ਼ੀ ਨਾਲ ਬੁਲਡੋਜ਼ਰ ਕਾਰਵਾਈ ਸ਼ੁਰੂ ਕਰਨ ਕਾਰਨ ਸੁਰਖੀਆਂ ਬਟੋਰੀਆਂ ਸਨ, ਨੂੰ ਤਰੱਕੀ ਦੇ ਕੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਭਰੋਸਾ ਪ੍ਰਾਪਤ ਹੋਇਆ ਹੈ। ਉਹ ਪਿਛਲੀ ਕੈਬਨਿਟ ਵਿੱਚ ਰਾਜ ਦੇ ਗ੍ਰਹਿ ਰਾਜ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ।
ਸਿਆਸੀ ਸਫ਼ਰ:
ਸੂਰਤ ਦੇ ਮਜੂਰਾ ਹਲਕੇ ਤੋਂ ਵਿਧਾਇਕ ਹਰਸ਼ ਸੰਘਵੀ ਦਾ ਜਨਮ 8 ਜਨਵਰੀ, 1985 ਨੂੰ ਹੋਇਆ ਸੀ।
ਉਹ 27 ਸਾਲ ਦੀ ਉਮਰ ਵਿੱਚ (2012 ਵਿੱਚ) ਗੁਜਰਾਤ ਦੇ ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣੇ ਸਨ।
ਜੈਨ ਭਾਈਚਾਰੇ ਨਾਲ ਸਬੰਧਤ ਸੰਘਵੀ 15 ਸਾਲ ਦੀ ਉਮਰ ਵਿੱਚ ਵਿਦਿਆਰਥੀ ਸੰਗਠਨ ਵਿੱਚ ਸ਼ਾਮਲ ਹੋ ਗਏ ਸਨ ਅਤੇ ਯੁਵਾ ਮੋਰਚਾ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਭਾਜਪਾ ਵਿੱਚ ਆਪਣਾ ਅਸਰ ਵਧਾਇਆ।
ਕੈਬਨਿਟ ਫੇਰਬਦਲ: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਅਗਵਾਈ ਵਾਲੀ ਨਵੀਂ ਟੀਮ ਵਿੱਚ ਸੰਘਵੀ ਤੋਂ ਇਲਾਵਾ, ਅਰਜੁਨ ਮੋਧਵਾਡੀਆ, ਡਾ. ਪ੍ਰਦੁਮਨ ਵਾਜਾ, ਰਮਨ ਭਾਈ ਸੋਲੰਕੀ, ਈਸ਼ਵਰ ਸਿੰਘ, ਮਨੀਸ਼ਾ ਵਕੀਲ, ਪ੍ਰਫੁੱਲ ਪੰਸੇਰੀਆ ਅਤੇ ਰਿਬਾਵਾ ਜਡੇਜਾ (ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ) ਸਮੇਤ ਕੁੱਲ 25 ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਗਈ। ਇਸ ਫੇਰਬਦਲ ਨੂੰ ਭਾਜਪਾ ਦੀ 2027 ਚੋਣਾਂ ਦੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।