ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ
ਵਿਦਿਆਰਥੀ ਨੇ ਘੇਰਾ ਤੋੜ ਕੇ ਉਨ੍ਹਾਂ ਨੂੰ ਮਿਲਣ ਪਹੁੰਚੇ
ਰਾਜਸਥਾਨ : ਜੈਪੁਰ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਘੇਰਾ ਤੋੜ ਕੇ ਇਕ ਵਿਦਿਆਰਥੀ ਰਾਜਨਾਥ ਸਿੰਘ ਨੂੰ ਮਿਲਣ ਪਹੁੰਚਿਆ ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਧੱਕਾ ਦੇ ਦਿੱਤਾ। ਇਸ 'ਤੇ ਕੇਂਦਰੀ ਮੰਤਰੀ ਨੇ ਵਿਦਿਆਰਥੀ ਨੂੰ ਆਪਣੇ ਕੋਲ ਬੁਲਾ ਕੇ ਉਸ ਦੀ ਗੱਲ ਸੁਣੀ।
ਕੇਂਦਰੀ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਰਾਜਸਥਾਨ ਦੇ ਜੈਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੀਕਰ ਰੋਡ 'ਤੇ ਸਥਿਤ ਸ਼੍ਰੀ ਭਵਾਨੀ ਨਿਕੇਤਨ ਸਕੂਲ ਦੇ ਕੈਂਪਸ 'ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਤਹਿਤ ਸੈਨਿਕ ਸਕੂਲ ਦਾ ਉਦਘਾਟਨ ਕੀਤਾ। ਉਦਘਾਟਨੀ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਉਹ ਹਵਾਈ ਅੱਡੇ ਲਈ ਰਵਾਨਾ ਹੋ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ 'ਚ ਵੱਡੀ ਖਾਮੀ ਹੋ ਗਈ।
ਜਦੋਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਇਕ ਵਿਦਿਆਰਥੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚ ਗਿਆ। ਇਸ 'ਤੇ ਸੁਰੱਖਿਆ ਕਰਮਚਾਰੀਆਂ ਨੇ ਵਿਦਿਆਰਥੀ ਨੂੰ ਫੜ ਲਿਆ ਅਤੇ ਰਾਜਨਾਥ ਸਿੰਘ ਦੇ ਕਾਫਲੇ 'ਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ। ਇਸ ਦੌਰਾਨ ਜਦੋਂ ਕੇਂਦਰੀ ਮੰਤਰੀ ਦੀ ਨਜ਼ਰ ਉਸ ਵਿਦਿਆਰਥੀ 'ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਨੇੜੇ ਬੁਲਾ ਕੇ ਉਸ ਦੀ ਗੱਲ ਸੁਣੀ।
ਵਿਦਿਆਰਥੀ ਨੇ ਰਾਜਨਾਥ ਸਿੰਘ ਨੂੰ ਦੱਸਿਆ ਕਿ ਉਹ 10ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਐਨਸੀਸੀ ਕਾਡਰ ਹੈ। ਉਹ ਜੈਪੁਰ ਵਿੱਚ ਇਕੱਲਾ ਰਹਿੰਦਾ ਹੈ। ਉਸ ਦੀ ਮਾਂ ਝਾਲਾਵਾੜ ਵਿੱਚ ਸਰਕਾਰੀ ਅਧਿਆਪਕ ਹੈ, ਪਰ ਉਸ ਦੀ ਇੱਥੇ ਬਦਲੀ ਨਹੀਂ ਹੋ ਰਹੀ। ਕੇਂਦਰੀ ਮੰਤਰੀ ਨੇ ਵਿਦਿਆਰਥੀ ਦੀ ਗੱਲ ਸੁਣੀ, ਪਰ ਉਸ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ।