ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ
ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਸਿਰੀਰਾਗੁ ਮਹਲਾ ੩ ॥ ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥ ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥ ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥ ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥ ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥ ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥ ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥ ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥ ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥ ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥ ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥ {ਪੰਨਾ 32}
ਪਦ ਅਰਥ: ਗੁਰਮੁਖਿ = ਗੁਰੂ ਦੀ ਰਾਹੀਂ। ਕੀਜੈ = ਕੀਤੀ ਜਾ ਸਕਦੀ ਹੈ। ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ। ਸਾਚਾ = ਸਦਾ-ਥਿਰ। ਬਾਣੀ = ਸਿਫ਼ਤਿ-ਸਾਲਾਹ। ਸਬਦਿ = ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜਿਆਂ) ।2।
ਜਗਿ = ਜਗਤ ਵਿਚ। ਕਾਹੇ ਆਇਆ = ਆਉਣ ਦਾ ਕੋਈ ਲਾਭ ਨਾਹ ਹੋਇਆ।1। ਰਹਾਉ।
ਜਗ ਜੀਵਨੁ = ਜਗਤ ਦਾ ਜੀਵਨ, ਜੀਵਾਂ ਦੀ ਜ਼ਿੰਦਗੀ ਦਾ ਸਹਾਰਾ। ਬਖਸਿ = ਬਖ਼ਸ਼ਸ਼ ਕਰ ਕੇ {ਨੋਟ: ਲਫ਼ਜ਼ 'ਬਖਸ' ਅਤੇ 'ਬਖਸਿ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਆਪੇ = (ਪ੍ਰਭੂ) ਆਪ ਹੀ।2।
ਦੇਖਿ = ਦੇਖ ਕੇ। ਮੋਹਿ = ਮੋਹ ਵਿਚ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ, ਪ੍ਰਭੂ। ਤਿਸ ਦੀ = ਉਸ ਮਨੁੱਖ (ਦੀ ਆਤਮਕ ਉੱਚਤਾ) ਦੀ। ਕੀਮ = ਕੀਮਤ। ਸਖਾ = ਸਾਥੀ, ਮਿੱਤਰ। ਸਖਾਈ = ਸਹਾਈ ।3।
ਮਨਿ = ਮਨ ਵਿਚ। ਆਪੁ = ਆਪਾ-ਭਾਵ, ਹਉਮੈ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮੰਨਿ = ਮਨਿ, ਮਨ ਵਿਚ। ਸੁਰਤਿ = ਸਮਝ।4।
ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ।1। ਰਹਾਉ।
ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ। ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤਿ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ।1।
ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ। (ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤਿ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ। ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ।2।
ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ। ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ। ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ।3।
ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ। ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ। ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤਿ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ।4।15। 48।