ਗਾਜ਼ਾ : ਪੋਲੀਓ ਟੀਕਾਕਰਨ ਮੁਹਿੰਮ ਦੌਰਾਨ ਵੀ ਗੋਲੀਬਾਰੀ, ਮਾਰੇ ਗਏ ਕਈ ਲੋਕ
ਗਾਜ਼ਾ ਪੱਟੀ : ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਪਿਛਲੇ 11 ਮਹੀਨਿਆਂ ਤੋਂ ਜੰਗ ਜਾਰੀ ਹੈ। ਇਸ ਜੰਗ ਵਿੱਚ ਹਜ਼ਾਰਾਂ ਨਿਰਦੋਸ਼ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਗਾਜ਼ਾ ਨੂੰ ਜੰਗ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਥੇ ਹਮਲਿਆਂ ਵਿਚ ਮਾਸੂਮ ਬੱਚੇ ਮਾਰੇ ਜਾ ਰਹੇ ਹਨ। ਇਸ ਜੰਗ ਨੂੰ ਰੋਕਣ ਲਈ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਸ਼ੁੱਕਰਵਾਰ ਨੂੰ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਫੌਜੀ ਹਮਲੇ ਕੀਤੇ ਗਏ, ਜਿਸ ਵਿੱਚ ਘੱਟੋ-ਘੱਟ 27 ਫਲਸਤੀਨੀਆਂ ਦੀ ਮੌਤ ਹੋ ਗਈ।
ਇਸ ਦੌਰਾਨ ਇਨਕਲੇਵ ਵਿੱਚ ਗਾਜ਼ਾ ਵਿੱਚ ਪੋਲੀਓ ਤੋਂ ਬਚਣ ਲਈ ਬੱਚਿਆਂ ਦਾ ਟੀਕਾਕਰਨ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਕੈਂਪ ਦੇ ਡਾਕਟਰਾਂ ਨੇ ਦੱਸਿਆ ਕਿ ਖੇਤਰ ਦੇ 8 ਸ਼ਰਨਾਰਥੀ ਕੈਂਪਾਂ ਵਿੱਚੋਂ ਇੱਕ ਨੁਸੀਰਤ ਵਿੱਚ, ਇੱਕ ਇਜ਼ਰਾਈਲੀ ਹਵਾਈ ਹਮਲੇ ਵਿੱਚ 2 ਔਰਤਾਂ ਅਤੇ 2 ਬੱਚੇ ਮਾਰੇ ਗਏ, ਜਦੋਂ ਕਿ ਗਾਜ਼ਾ ਸ਼ਹਿਰ ਵਿੱਚ 2 ਹੋਰ ਹਵਾਈ ਹਮਲਿਆਂ ਵਿੱਚ 8 ਲੋਕ ਮਾਰੇ ਗਏ।
ਇਜ਼ਰਾਈਲੀ ਫੌਜ ਨੇ ਗਾਜ਼ਾ ਸ਼ਹਿਰ ਦੇ ਜ਼ੀਟੂਨ ਵਿੱਚ ਕਈ ਘਰਾਂ ਨੂੰ ਉਡਾ ਦਿੱਤਾ। ਵੀਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਗਾਜ਼ਾ ਜੰਗਬੰਦੀ ਸਮਝੌਤੇ 'ਤੇ ਪਹੁੰਚਣ ਲਈ ਇਸਰਾਈਲ ਅਤੇ ਹਮਾਸ ਦੋਵਾਂ ਲਈ ਬਾਕੀ ਮੁੱਦਿਆਂ 'ਤੇ ਹਾਂ ਕਹਿਣਾ ਜ਼ਰੂਰੀ ਹੈ। ਬਲਿੰਕਨ ਨੇ ਕਿਹਾ ਕਿ ਗਾਜ਼ਾ ਜੰਗਬੰਦੀ ਸਮਝੌਤੇ 'ਤੇ ਲਗਭਗ 90% ਸਮਝੌਤਾ ਹੈ, ਪਰ ਕੁਝ ਮੁੱਦੇ ਅਜੇ ਵੀ ਬਾਕੀ ਹਨ। ਇਜ਼ਰਾਈਲ ਨੇ ਕਿਹਾ ਹੈ ਕਿ ਉਹ ਆਪਣੀ ਜਗ੍ਹਾ ਨਹੀਂ ਛੱਡੇਗਾ, ਜਦਕਿ ਹਮਾਸ ਦਾ ਕਹਿਣਾ ਹੈ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋਵੇਗਾ।
ਇਸ ਸਭ ਦੇ ਵਿਚਕਾਰ ਖਾਨ ਯੂਨਿਸ ਦੇ ਵਸਨੀਕ ਅਤੇ ਰਫਾਹ ਦੇ ਉਜਾੜੇ ਹੋਏ ਪਰਿਵਾਰ ਆਪਣੇ ਬੱਚਿਆਂ ਨੂੰ ਪੋਲੀਓ ਦੇ ਟੀਕੇ ਲਗਾਉਣ ਲਈ ਕੈਂਪਾਂ ਵਿੱਚ ਪਹੁੰਚੇ। ਇਹ ਮੁਹਿੰਮ ਇੱਕ ਸਾਲ ਦੇ ਬੱਚੇ ਦੇ ਅਧਰੰਗ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਦੁਨੀਆ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸਥਾਨਾਂ ਵਿੱਚੋਂ ਇੱਕ ਗਾਜ਼ਾ ਵਿੱਚ 25 ਸਾਲਾਂ ਵਿੱਚ ਇਹ ਬਿਮਾਰੀ ਦਾ ਪਹਿਲਾ ਮਾਮਲਾ ਸੀ। ਇਹ ਗੱਲ ਮੁੜ ਉਭਰ ਕੇ ਸਾਹਮਣੇ ਆਈ ਹੈ ਕਿਉਂਕਿ ਗਾਜ਼ਾ ਦੇ ਹਸਪਤਾਲਾਂ ਦੀ ਹਾਲਤ ਫਿਲਹਾਲ ਚੰਗੀ ਨਹੀਂ ਹੈ। ਇਹ ਇਜ਼ਰਾਈਲੀ ਹਮਲਿਆਂ ਨਾਲ ਤਬਾਹ ਹੋ ਗਏ ਹਨ, ਜਿਸ ਕਾਰਨ ਉੱਥੋਂ ਦੇ ਵਸਨੀਕਾਂ ਵਿੱਚ ਕਈ ਨਵੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ।