Gautam Gambhir ਨੇ ਸੰਜੂ ਸੈਮਸਨ ਦੀ ਪ੍ਰਤਿਭਾ 'ਤੇ ਜਤਾਇਆ ਭਰੋਸਾ
ਸੈਮਸਨ ਨੂੰ ਬੈਂਚ 'ਤੇ ਬੈਠਣਾ ਪਿਆ ਸੀ ਅਤੇ ਟੀਮ ਨੇ ਈਸ਼ਾਨ ਕਿਸ਼ਨ ਤੇ ਅਭਿਸ਼ੇਕ ਸ਼ਰਮਾ ਨਾਲ ਸਲਾਮੀ ਜੋੜੀ ਬਣਾਈ ਸੀ।
ਨਿਊਜ਼ੀਲੈਂਡ ਵਿਰੁੱਧ ਖਰਾਬ ਦੌਰ ਨੂੰ ਯਾਦ ਕਰਦਿਆਂ ਵੈਸਟਇੰਡੀਜ਼ ਵਿਰੁੱਧ ਪਾਰੀ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ: 2 ਮਾਰਚ, 2026
ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਅਹਿਮ ਮੁਕਾਬਲੇ ਵਿੱਚ ਸੰਜੂ ਸੈਮਸਨ ਦੀ ਨਾਬਾਦ 97 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਨਾ ਸਿਰਫ਼ ਭਾਰਤ ਨੂੰ ਜਿੱਤ ਦਿਵਾਈ, ਸਗੋਂ ਆਲੋਚਕਾਂ ਦੇ ਮੂੰਹ ਵੀ ਬੰਦ ਕਰ ਦਿੱਤੇ ਹਨ। ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਸੈਮਸਨ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਉਸ ਦੇ ਪੁਰਾਣੇ ਮੁਸ਼ਕਲ ਦੌਰ ਨੂੰ ਯਾਦ ਕੀਤਾ। ਗੰਭੀਰ ਨੇ ਕਿਹਾ ਕਿ ਨਿਊਜ਼ੀਲੈਂਡ ਵਿਰੁੱਧ ਲੜੀ ਸੈਮਸਨ ਲਈ ਬਹੁਤ ਭਿਆਨਕ ਰਹੀ ਸੀ, ਜਿੱਥੇ ਉਹ ਪੰਜ ਪਾਰੀਆਂ ਵਿੱਚ ਇੱਕ ਵਾਰ ਵੀ 30 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ ਸੀ ਅਤੇ ਤਿੰਨ ਵਾਰ ਸਿੰਗਲ ਡਿਜ਼ਿਟ 'ਤੇ ਆਊਟ ਹੋਇਆ ਸੀ। ਇਸ ਖਰਾਬ ਪ੍ਰਦਰਸ਼ਨ ਕਾਰਨ ਹੀ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ਵਿੱਚ ਸੈਮਸਨ ਨੂੰ ਬੈਂਚ 'ਤੇ ਬੈਠਣਾ ਪਿਆ ਸੀ ਅਤੇ ਟੀਮ ਨੇ ਈਸ਼ਾਨ ਕਿਸ਼ਨ ਤੇ ਅਭਿਸ਼ੇਕ ਸ਼ਰਮਾ ਨਾਲ ਸਲਾਮੀ ਜੋੜੀ ਬਣਾਈ ਸੀ।
ਗੌਤਮ ਗੰਭੀਰ ਨੇ ਸੈਮਸਨ ਦੇ ਸੰਘਰਸ਼ ਨੂੰ ਸਮਝਦਿਆਂ ਕਿਹਾ ਕਿ ਉਹ ਇੱਕ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਉਸ ਦਾ ਸਮਰਥਨ ਕਰਨਾ ਬਹੁਤ ਜ਼ਰੂਰੀ ਸੀ। ਕੋਚ ਅਨੁਸਾਰ ਜਦੋਂ ਟੀਮ ਨੂੰ ਸਭ ਤੋਂ ਵੱਧ ਲੋੜ ਸੀ, ਸੈਮਸਨ ਨੇ ਆਪਣੀ ਅਸਲ ਸਮਰੱਥਾ ਦਿਖਾਈ। ਗੰਭੀਰ ਨੇ ਸੈਮਸਨ ਦੀ ਬੱਲੇਬਾਜ਼ੀ ਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਨੇ ਕਦੇ ਵੀ ਪਾਰੀ ਦੌਰਾਨ ਜਲਦਬਾਜ਼ੀ ਨਹੀਂ ਕੀਤੀ ਅਤੇ ਬਿਨਾਂ ਕਿਸੇ ਵਾਧੂ ਤਾਕਤ ਦੇ ਕੁਦਰਤੀ ਕ੍ਰਿਕਟ ਸ਼ਾਟਸ ਖੇਡੇ। ਉਨ੍ਹਾਂ ਕਿਹਾ ਕਿ ਸੈਮਸਨ ਵਰਗੀ ਪ੍ਰਤਿਭਾ ਵਾਲੇ ਖਿਡਾਰੀ ਲਈ ਇਹ ਸਿਰਫ਼ ਮੈਦਾਨ 'ਤੇ ਜਾ ਕੇ ਆਪਣੇ ਹੁਨਰ ਦਿਖਾਉਣ ਦੀ ਗੱਲ ਸੀ, ਕਿਉਂਕਿ ਉਹ ਨੈੱਟ ਪ੍ਰੈਕਟਿਸ ਦੌਰਾਨ ਗੇਂਦ ਨੂੰ ਬਹੁਤ ਵਧੀਆ ਤਰੀਕੇ ਨਾਲ ਹਿੱਟ ਕਰ ਰਿਹਾ ਸੀ।
ਸੰਜੂ ਸੈਮਸਨ ਦੀ ਇਸ ਪਾਰੀ ਨੇ ਭਾਰਤੀ ਟੀਮ ਦੇ ਸੁਮੇਲ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ਹੈ। ਸੂਰਿਆਕੁਮਾਰ ਯਾਦਵ ਅਤੇ ਗੌਤਮ ਗੰਭੀਰ ਵੱਲੋਂ ਰਿੰਕੂ ਸਿੰਘ ਦੀ ਜਗ੍ਹਾ ਸੈਮਸਨ ਨੂੰ ਮੌਕਾ ਦੇਣ ਦਾ ਫੈਸਲਾ ਸਹੀ ਸਾਬਤ ਹੋਇਆ। ਗੰਭੀਰ ਨੇ ਉਮੀਦ ਜਤਾਈ ਕਿ ਹੁਣ ਸੈਮਸਨ ਦੇ ਕਰੀਅਰ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ ਅਤੇ ਆਉਣ ਵਾਲੇ ਮੈਚਾਂ ਵਿੱਚ ਵੀ ਉਸ ਕੋਲੋਂ ਅਜਿਹੀਆਂ ਹੀ ਸ਼ਾਨਦਾਰ ਪਾਰੀਆਂ ਦੀ ਉਮੀਦ ਕੀਤੀ ਜਾ ਸਕਦੀ ਹੈ। ਕੋਚ ਨੇ ਸਪੱਸ਼ਟ ਕੀਤਾ ਕਿ ਭਾਵੇਂ ਲੋਕ ਸਿਰਫ਼ ਸਕੋਰ ਕਾਰਡ ਦੇਖਦੇ ਹਨ, ਪਰ ਟੀਮ ਪ੍ਰਬੰਧਨ ਹਮੇਸ਼ਾ ਜਾਣਦਾ ਸੀ ਕਿ ਸੈਮਸਨ ਵਿੱਚ ਮੈਚ ਜਿਤਾਉਣ ਦੀ ਕਿੰਨੀ ਸਮਰੱਥਾ ਹੈ।