ਅੰਮ੍ਰਿਤਸਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ: ਇੱਕ ਦੀ ਮੌਤ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ 'ਚ ਬੁੱਧਵਾਰ ਨੂੰ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ ਪੁਲਸ ਨੇ ਇਕ ਗੈਂਗਸਟਰ ਨੂੰ ਮਾਰ ਮੁਕਾਇਆ, ਜਦਕਿ ਉਸਦਾ ਦੂਜਾ ਸਾਥੀ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਇਹ ਅੱਤਵਾਦੀ ਲਖਬੀਰ ਲੰਡਾ ਗੈਂਗ ਦੇ ਹਨ, ਜੋ ਵਿਦੇਸ਼ਾਂ 'ਚ ਬੈਠ ਕੇ ਭਾਰਤ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹ ਮੁਕਾਬਲਾ ਅੰਮ੍ਰਿਤਸਰ ਦੇ ਬਿਆਸ ਨੇੜੇ ਭਿੰਡਰ ਪਿੰਡ ਵਿੱਚ ਹੋਇਆ।
ਮਾਰੇ ਗਏ ਗੈਂਗਸਟਰ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਪਿੰਡ ਹਰੀਕੇ ਵਜੋਂ ਹੋਈ ਹੈ। ਇਹ ਮੁਕਾਬਲਾ ਗੁਰਦੇਵ ਸਿੰਘ ਉਰਫ਼ ਗੋਖਾ ਸਰਪੰਚ ਦੇ ਕਤਲ ਕੇਸ ਨਾਲ ਸਬੰਧਤ ਹੈ, ਜੋ ਪਿੰਡ ਸਠਿਆਲਾ ਦਾ ਵਸਨੀਕ ਸੀ ਅਤੇ 23 ਅਕਤੂਬਰ 2024 ਨੂੰ ਬਿਆਸ ਥਾਣਾ ਖੇਤਰ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਜਦੋਂ ਪੁਲੀਸ ਪਾਰਟੀ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਲੈ ਕੇ ਗਈ ਤਾਂ ਅਚਾਨਕ ਦੋਵਾਂ ਗੈਂਗਸਟਰਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਦੇ ਹੋਏ ਦੋਵਾਂ ਨੇ ਨੇੜੇ ਦੀਆਂ ਝਾੜੀਆਂ 'ਚੋਂ ਆਪਣੇ ਹਥਿਆਰ ਕੱਢ ਲਏ ਅਤੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ।
ਜਵਾਬੀ ਕਾਰਵਾਈ 'ਚ ਪੁਲਿਸ ਨੇ ਸਵੈ-ਰੱਖਿਆ 'ਚ ਗੋਲੀ ਚਲਾ ਦਿੱਤੀ, ਜਿਸ 'ਚ ਇਕ ਗੈਂਗਸਟਰ ਗੁਰਸ਼ਰਨ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਜਦਕਿ ਦੂਜਾ ਗੈਂਗਸਟਰ ਪਾਰਸ ਗੋਲੀਬਾਰੀ ਕਰਦੇ ਹੋਏ ਮੰਡ ਇਲਾਕੇ 'ਚ ਦਰਿਆ 'ਚ ਛਾਲ ਮਾਰ ਕੇ ਫਰਾਰ ਹੋ ਗਿਆ।