ਓਨਟਾਰੀਓ 'ਚ ਚੋਣ ਪ੍ਰਚਾਰ ਸ਼ੁਰੂ, ਪ੍ਰੀਮੀਅਰ ਡੱਗ ਫੋਰਡ ਪਹੁੰਚੇ ਬਰੈਂਪਟਨ
ਐੱਮਪੀਪੀ ਹਰਦੀਪ ਗਰੇਵਾਲ ਘਰ-ਘਰ ਜਾ ਕੇ ਲੋਕਾਂ ਨਾਲ ਕਰ ਰਹੇ ਗੱਲਬਾਤ;
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਜਲਦੀ ਸੂਬਾਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਜੂਨ 2026 'ਚ ਹੋਣ ਦੀ ਬਜਾਏ ਹੁਣ ਚੋਣਾਂ 27 ਫਰਵਰੀ, 2025 ਨੂੰ ਹੋ ਰਹੀਆਂ ਹਨ। ਦੱਸਦਈਏ ਕਿ ਡੱਗ ਫੋਰਡ ਨੇ 2018 'ਚ ਪਹਿਲੀ ਵਾਰ ਪ੍ਰੀਮੀਆਰ ਦੀ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ 2022 ਦੀਆਂ ਓਨਟਾਰੀਓ ਸੂਬਾਈ ਚੋਣਾਂ 'ਚ ਵੀ ਡੱਗ ਫੋਰਡ ਨੂੰ ਬਹੁਮਤ ਨਾਲ ਜਿੱਤ ਹਾਸਲ ਹੋਈ ਸੀ। ਓਨਟਾਰੀਓ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਸਰਕਾਰ 'ਚ ਮੌਜੂਦ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਵੱਲੋਂ 2025 ਦੀਆਂ ਚੋਣਾਂ ਲਈ ਆਪਣਾ ਚੌਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ।
ਹਮਦਰਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਮਪੀਪੀ ਹਰਦੀਪ ਗਰੇਵਾਲ ਨੇ ਦੱਸਿਆ ਕਿ ਕੈਨੇਡਾ ਦੀ ਇਕੋਨੋਮੀ ਨੂੰ ਬਚਾਉਣ ਲਈ, ਨੌਕਰੀਆਂ ਨੂੰ ਤੇ ਕਾਮਿਆਂ ਨੂੰ ਬਚਾਉਣ ਲਈ ਓਨਟਾਈਓ ਸੂਬਾਈ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਹਨ। ਐੱਮਪੀਪੀ ਗਰੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਦੀ ਗੱਲ ਕੀਤੀ ਅਤੇ ਕਿਹਾ ਕਿ ਇਸ ਦਾ ਸਾਡੀ ਇਕੋਨੋਮੀ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਐੱਮਪੀਪੀ ਹਰਦੀਪ ਗਰੇਵਾਲ ਨੇ ਕੈਨੇਡਾ ਤੋਂ ਨਿਰਯਾਤ ਹੁੰਦੇ ਸਾਮਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਐੱਸ ਦੇ 14 ਵੱਖ-ਵੱਖ ਸੂਬਿਆਂ ਨੂੰ ਸਾਮਾਨ ਨਿਰਯਾਤ ਕੀਤਾ ਜਾਂਦਾ ਹੈ ਅਤੇ ਕੈਨੇਡਾ ਨੰਬਰ ਇੱਕ ਟ੍ਰੇਡਿੰਗ ਪਾਰਟਨਰ ਹੈ। ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਸਾਨੂੰ ਹੁਣ ਸੰਭਲ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਜਿੱਤ ਜਾਂਦੀ ਹੈ ਤਾਂ ਪਾਰਲੀਮੈਂਟ 'ਚ ਵਾਪਿਸ ਜਾ ਕੇ ਸਾਰੇ ਜ਼ਰੂਰੀ ਕੰਮ ਕਰ ਸਕਾਂਗੇ।
ਅਖੀਰ 'ਚ ਐੱਮਪੀਪੀ ਹਰਦੀਪ ਗਰੇਵਾਲ ਨੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਵੱਲੋਂ ਬਰੈਂਪਟਨ ਲਈ ਕੀਤੇ ਗਏ ਕੰਮਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੁਣ ਤੱਕ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਵੇਂ ਕਿ ਬਰੈਂਪਟਨ 'ਚ ਦੂਜੇ ਹਸਪਤਾਲ ਬਣਨ ਜਾ ਰਿਹਾ ਹੈ, ਹਾਈਵੇਅ 413, ਨਵਾਂ ਮੈਡੀਕਲ ਸਕੂਲ ਜੋ ਕਿ ਗਰਮੀਆਂ 'ਚ ਸ਼ੁਰੂ ਹੋ ਜਾਵੇਗਾ ਅਤੇ ਇਸ ਤੋਂ ਇਲਾਵਾ ਹੁਣ ਅੰਡਰਗਰਾਊਂਡ ਐੱਲਆਰਟੀ (ਸਬਵੇਅ) ਬਣਾਉਣ ਦੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਐੱਮਪੀਪੀ ਹਰਦੀਪ ਗਰੇਵਾਲ ਨਾਲ ਵਲੰਟੀਅਰਸ ਦੀ ਟੀਮ ਵੀ ਮੌਜੂਦ ਸੀ ਅਤੇ ਨਾਲ ਹੀ ਜਦੋਂ ਡੋਰ ਨੌਕਿੰਗ ਕੀਤੀ ਜਾ ਰਹੀ ਸੀ, ਉਸ ਸਮੇਂ ਪ੍ਰੀਮੀਅਰ ਡੱਗ ਫੋਰਡ ਖੁਦ ਵੀ ਪਹੁੰਚੇ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰਦੀਪ ਗਰੇਵਾਲ ਨੂੰ ਫਿਰ ਤੋਂ ਵੋਟ ਪਾ ਕੇ ਜਿਤਾਇਆ ਜਾਵੇ ਤਾਂ ਜੋ ਅਸੀਂ ਓਨਟਾਰੀਓ ਦੇ ਕਾਰੋਬਾਰਾਂ ਨੂੰ ਸੰਭਾਲ ਸਕੀਏ।