D.M. Suicide case: ਚੰਡੀਗੜ੍ਹ 'ਚ ਸਿਆਸੀ ਹੰਗਾਮਾ, ਵਿਰੋਧੀ ਧਿਰਾਂ ਨੇ ਤੋੜੇ ਬੈਰੀਕੇਡ
ਦੂਜੇ ਪਾਸੇ, ਮ੍ਰਿਤਕ ਅਧਿਕਾਰੀ ਰੰਧਾਵਾ ਦੇ ਪਰਿਵਾਰ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਲਾਲਜੀਤ ਭੁੱਲਰ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ
ਭੁੱਲਰ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਨਾ ਕਰਨ 'ਤੇ ਅੜਿਆ ਪਰਿਵਾਰ
ਅੰਮ੍ਰਿਤਸਰ/ਚੰਡੀਗੜ੍ਹ: 22 ਮਾਰਚ, 2026
ਪੰਜਾਬ ਦੇ ਜ਼ਿਲ੍ਹਾ ਵੇਅਰਹਾਊਸ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦਾ ਮਾਮਲਾ ਹੁਣ ਇੱਕ ਵੱਡੇ ਸਿਆਸੀ ਸੰਘਰਸ਼ ਵਿੱਚ ਬਦਲ ਗਿਆ ਹੈ। ਐਤਵਾਰ ਨੂੰ ਚੰਡੀਗੜ੍ਹ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਸਾਬਕਾ 'ਆਪ' ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਤਿੱਖੀ ਝੜਪ ਹੋਈ ਅਤੇ ਵਰਕਰਾਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਵੀ ਤੋੜ ਦਿੱਤੇ। ਵਿਰੋਧੀ ਧਿਰਾਂ ਇੱਕਜੁੱਟ ਹੋ ਕੇ ਮੰਤਰੀ ਅਤੇ ਉਨ੍ਹਾਂ ਦੇ ਪਿਤਾ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਹਨ।
ਦੂਜੇ ਪਾਸੇ, ਮ੍ਰਿਤਕ ਅਧਿਕਾਰੀ ਰੰਧਾਵਾ ਦੇ ਪਰਿਵਾਰ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਲਾਲਜੀਤ ਭੁੱਲਰ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ ਭੁੱਲਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦੇਹ ਦਾ ਪੋਸਟਮਾਰਟਮ ਜਾਂ ਸਸਕਾਰ ਨਹੀਂ ਕਰਨਗੇ। ਰੰਧਾਵਾ ਦੀ ਪਤਨੀ ਉਪਿੰਦਰ ਕੌਰ, ਜੋ ਕਿ ਇੱਕ ਸਰਕਾਰੀ ਅਧਿਆਪਕਾ ਹੈ, ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਮਾਮੇ ਦੇ ਘਰ ਭੇਜ ਦਿੱਤਾ ਸੀ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਸਿਆਸੀ ਦਬਾਅ ਨੇ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ ਹੈ।
ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਵਿੱਚ ਸਾਬਕਾ ਮੰਤਰੀ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਨਿੱਜੀ ਸਹਾਇਕ ਦਿਲਬਾਗ ਵਿਰੁੱਧ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਜਾ ਚੁੱਕੀ ਹੈ। ਪਤਨੀ ਦੇ ਬਿਆਨ ਅਨੁਸਾਰ, ਭੁੱਲਰ ਨੇ ਰੰਧਾਵਾ ਨੂੰ ਗੈਂਗਸਟਰਾਂ ਦਾ ਡਰ ਦਿਖਾਉਂਦਿਆਂ ਪਰਿਵਾਰ ਤਬਾਹ ਕਰਨ ਦੀ ਧਮਕੀ ਦਿੱਤੀ ਸੀ ਅਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਉਹ ਉਨ੍ਹਾਂ ਦੀ ਗੱਲ ਨਹੀਂ ਮੰਨ ਸਕਦੇ ਤਾਂ ਉਨ੍ਹਾਂ ਨੂੰ ਜ਼ਹਿਰ ਪੀ ਲੈਣਾ ਚਾਹੀਦਾ ਹੈ। ਇਸ ਮਾਨਸਿਕ ਤਸ਼ੱਦਦ ਤੋਂ ਬਾਅਦ ਸ਼ਨੀਵਾਰ ਸਵੇਰੇ ਰੰਧਾਵਾ ਨੇ ਖ਼ੁਦਕੁਸ਼ੀ ਕਰ ਲਈ ਸੀ। ਭਾਵੇਂ 'ਆਪ' ਸਰਕਾਰ ਨੇ ਭੁੱਲਰ ਤੋਂ ਅਸਤੀਫ਼ਾ ਲੈ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਵਿਰੋਧੀ ਧਿਰਾਂ ਅਤੇ ਪਰਿਵਾਰ ਦੇ ਸਖ਼ਤ ਰੁਖ਼ ਕਾਰਨ ਸਰਕਾਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।