“ਕੌਣ ਬਣੇਗਾ ਕਰੋੜਪਤੀ” ਰਾਹੀਂ ਦਿਲਜੀਤ ਦੁਸਾਂਝ ਨੇ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ
ਅਗਲੀ ਗੱਲ ਇਹ ਕਿ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ‘ਤੇ ਹੋ ਹੱਲਾ ਕਰਨ ਵਾਲਿਆਂ ਨੂੰ ਵੀ ਉਹ ਮਾਕੂਲ ਜਵਾਬ ਦੇਣ ਵਿਚ ਪੂਰੀ ਤਰਾਂ ਸਫਲ ਹੋ ਨਿਬੜਿਆ ।
ਅੱਜ 31 ਅਕਤੂਬਹ 2025 ਰਾਤ 9 00 ਵਜੇ ਕੌਣ ਬਣੇਗਾ ਕਰੋੜਪਤੀ ਰੀਅਲਟੀ ਸ਼ੌਅ ਦੇਖਿਆ । ਦਿਲਜੀਤ ਦੁਸਾਂਝ ਨੇ ਆਪਣੀ ਸਾਦਗੀ, ਕਲਾਕਾਰੀ ਤੇ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ । ਡੇਢ ਕੁ ਘੰਟੇ ਦਾ ਇਹ ਪਰੋਗਰਾਮ ਬਹੁਤ ਹੀ ਭਾਵਕ ਹੋ ਨਿਬੜਿਆ, ਪੰਜਾਬ ਵਿਚ ਆਏ ਹੜਾਂ ਨਾਲ ਮਚੀ ਤਬਾਹੀ ਦੇ ਵੀਡੀਓ ਫੁੱਟੇਜ ਦੇਖ ਕੇ ਅਤੇ ਹੜਪੀੜਤਾਂ ਦੀ ਦਰਦ ਕਹਾਣੀ ਸੁਣਕੇ, ਰੌਂਗਟੇ ਖੜ੍ਹੇ ਹੋ ਗਏ ਤੇ ਅੱਖਾਂ ‘ਚੋਂ ਆਪ ਮੁਹਾਰੇ ਹੀ ਹੰਝੂਆਂ ਦੀਆਂ ਝਲਾਰਾਂ ਵਗਦੀਆਂ ਰਹੀਆਂ । ਇਹ ਸਾਰਾ ਕੁੱਝ ਦੇਖ ਕੇ ਪਰੋਗਰਾਮ ਦੇ ਮੇਜਬਾਨ ਅਮਿਤਾਭ ਬੱਚਨ ਵੀ ਵਾਰ ਵਾਰ ਭਾਵੁਕ ਹੁੰਦੇ ਦੇਖੇ ਗਏ ।
ਇਸ ਪਰੋਗਰਾਮ ਵਿਚ ਦਿਲਜੀਤ ਦੁਸਾਂਝ ਨੇ ਆਪਣੀ ਗੱਲਬਾਤ ਤੇ ਅਦਾਕਾਰੀ ਨਾਲ ਪੰਜਾਬੀਆਂ ਦੇ ਦਰਦ ਨੂੰ ਪੂਰੀ ਦ੍ਰਿੜਤਾ ਨਾਲ ਦੁਨੀਆਂ ਸਾਹਵੇਂ ਪੇਸ਼ ਕਰਕੇ ਆਪਣਾ ਬਹੁਤ ਵੱਡਾ ਫਰਜ ਅਦਾ ਕਰ ਦਿੱਤਾ । ਇਥੇ ਦੱਸਣਾ ਬਣਦਾ ਹੈ ਕਿ ਸਾਰਾ ਪਰੋਗਰਾਮ ਦੇਖਣ ਉਪਰੰਤ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਕਿ ਦਿਲਜੀਤ ਦੁਸਾਂਝ ਵਲੋਂ ਇਸ ਪਰੋਗਰਾਮ ਵਿਚ ਹਾਜਰ ਹੋ ਕੇ ਪੰਜਾਬ ਦੇ ਹੜ੍ਹਪੀੜਤਾਂ ਵਾਸਤੇ ਪੈਸਾ ਇਕੱਤਰ ਕਰਨਾ ਮੁੱਖ ਮਨੋਰਥ ਨਹੀਂ ਸੀ ਬਲਕਿ ਹੜ੍ਹ ਮਹਾਂਮਾਰੀ ਦੀ ਬਰਬਾਦੀ ਨੂੰ ਪੂਰੀ ਦੁਨੀਆਂ ਤੱਕ ਨਸ਼ਰ ਕਰਨਾ ਉਸ ਦਾ ਮੁੱਖ ਮਕਸਦ ਸੀ ਤੇ ਆਪਣੇ ਇਸ ਮਿਸ਼ਨ ਵਿਚ ਉਹ ਪੂਰੀ ਤਰਾਂ ਕਾਮਯਾਬ ਰਿਹਾ ।
ਅਗਲੀ ਗੱਲ ਇਹ ਕਿ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ‘ਤੇ ਹੋ ਹੱਲਾ ਕਰਨ ਵਾਲਿਆਂ ਨੂੰ ਵੀ ਉਹ ਮਾਕੂਲ ਜਵਾਬ ਦੇਣ ਵਿਚ ਪੂਰੀ ਤਰਾਂ ਸਫਲ ਹੋ ਨਿਬੜਿਆ ।
ਉੰਜ ਤਾਂ ਇਸ ਪਰੋਗਰਾਮ ਦਾ ਹਰ ਪਲ ਹੀ ਬਹੁਤ ਦਿਲ ਟੁੰਬਵਾਂ ਸੀ ਪਰ ਦਿਲਜੀਤ ਤੇ ਅਮਿਤਾਭ ਬੱਚਨ ਦੀ ਵਾਰਤਾਲਾਪ ਜਿਥੇ ਬਹੁਤ ਭਾਵ ਪੂਰਤ ਤੇ ਪਰਭਾਵੀ ਸੀ ਉਥੇ ਦਿਲਜੀਤ ਦੀ ਅਦਾਕਾਰੀ ਵੀ ਵਾਰ ਵਾਰ ਰੰਗ ਬੰਨ੍ਹਦੀ ਰਹੀ । “ਤੂੰ ਮੁਝੇ ਕਬੂਲ ਮੈਂ ਤੁੱਝੇ ਕਬੂਲ “ ਗੀਤ ਗਾ ਕੇ ਜਿਥੇ ਦਿਲਜੀਤ ਦੁਸਾਂਝ ਨੇ ਅਮਿਤਾਭ ਬੱਚਨ ਨੂੰ ਉਸ ਦੇ ਜੀਵਨ ਦੇ ਸੁਨਹਿਰੀ ਕਾਲ ਦੀ ਯਾਦ ਤਾਜਾ ਕਰਾ ਕੇ ਭਾਵੁਕ ਕਰ ਦਿੱਤਾ, ਉਥੇ ਅਮਿਤਾਭ ਬੱਚਨ ਦੀ ਫਰਮਾਇਸ਼ ਉੱਤੇ ਪੰਜਾਬ ਨਾਲ ਸਬੰਧਿਤ ਗੁਰੂ ਬਾਬਾ ਨਾਨਕ ਦੇਵ ਜੀ ਦੀ ਮਹਿਮਾਂ ਵਾਲਾ ਗੀਤ ਪੇਸ਼ ਕਰਕੇ ਉਸ ਨੇ ਆਪਣੇ ਧਾਰਮਿਕ ਅਕੀਦੇ ਦੀ ਵੀ ਜੋਰਦਾਰ ਪੇਸ਼ਕਾਰੀ ਕੀਤੀ ।
ਅਮਿਤਾਭ ਬੱਚਨ ਨੇ ਦਿਲਜੀਤ ਦੁਸਾਂਝ ਦੀ ਭਰਪੂਰ ਤਾਰੀਫ ਕਰਦਿਆਂ ਜਦ ਇਹ ਕਿਹਾ ਤੁਸੀਂ ਪੰਜਾਬ ਦੇ ਦਸ ਹੜ੍ਹ ਪੀੜਤ ਪਿੰਡਾਂ ਨੂੰ ਗੋਦ ਲੈ ਕੇ ਬਹੁਤ ਵੱਡਾ ਕਾਰਜ ਕੀਤਾ ਹੈ ਤਾਂ ਉਸ ਦਾ ਬਹੁਤ ਹੀ ਢੁਕਵਾਂ ਜਵਾਬ ਦਿੰਦਿਆਂ ਦਿਲਜੀਤ ਨੇ ਕਿਹਾ ਕਿ “ਮੈ ਪੰਜਾਬ ਦੇ ਪਿੰਡਾਂ ਨੂੰ ਗੋਦ ਨਹੀਂ ਲਿਆ, ਇਹ ਗੁਰੂ ਬਾਬੇ ਦੀ ਮਿਹਰ ਹੈ, ਮੈਂ ਭਾਗਾਂ ਵਾਲਾ ਹਾਂ ਕਿ ਪੰਜਾਬ ਨੇ ਮੈਨੂੰ ਗੋਦ ਲਿਆ ਹੋਇਆ ਹੈ ।”
ਇਸ ਸਮੁੱਚੇ ਪਰੋਗਰਾਮ ਵਿਚ ਦਿਲਜੀਤ ਦੁਆਰਾ ਬੋਲੀ ਜਾ ਹਿੰਦੀ ਤੋੰ ਇਸ ਤਰਾਂ ਲੱਗ ਰਿਹਾ ਸੀ ਕਿ ਹਿੰਦੀ ਬੋਲਣਾ ਉਸ ਦੇ ਵਸ ਦੀ ਗੱਲ ਨਹੀਂ, ਸ਼ਾਇਦ ਏਹੀ ਕਾਰਨ ਸੀ ਕਿ ਉਹ ਹਿੰਦੀ ਬੋਲਦਿਆਂ, ਬੋਲਦਿਆਂ ਕਈ ਵਾਰ ਆਪਮੁਹਾਰੇ ਪੰਜਾਬੀ ਵਿਚ ਛੁੱਟ ਪੈਂਦਾ ਸੀ । ਦਰਅਸਲ ਪਰੋਗਰਾਮ ਹਿੰਦੀ ਵਿਚ ਸੀ ਤੇ ਇਸ ਪਰੋਗਰਾਮ ਰਾਹੀਂ ਪੰਜਾਬ ਦੀ ਗੱਲ ਦੂਰ ਤੱਕ ਪਹੁਚਾਉਣ ਵਾਸਤੇ ਹਿੰਦੀ ਚ ਗੱਲ ਕਰਨੀ ਬਹੁਤ ਜਰੂਰੀ ਵੀ ਸੀ ਤੇ ਉਹ ਆਪਣੇ ਮਿਸ਼ਨ ਵਿਚ ਪੂਰੀ ਤਰਾਂ ਸਫਲ ਵੀ ਰਿਹਾ ।
ਦਰਸ਼ਕਾਂ ਨੇ ਜਦ ਦਿਲਜੀਤ ਨੂੰ ਇਕ ਗੀਤ ਸੁਣਾਉਣ ਦੀ ਫਰਮਾਇਸ਼ ਕੀਤੀ ਤਾਂ ਉਸ ਦਾ ਇਹ ਕਹਿਣਾ ਕਿ,
“ਮੈਂ ਅੱਜ ਪੰਜਾਬ ਲਈ ਇਥੇ ਆਇਆ ਹਾਂ, ਜੋ ਮਰਜੀ ਕਰਾ ਲਵੋ ਬੇਸ਼ੱਕ ਡਾਂਸ ਕਰਵਾ ਲਵੋ ਮੈਂ ਉਹ ਵੀ ਕਰਨ ਲਈ ਤਿਆਰ ਹਾਂ ।”
ਇਹਨਾਂ ਉਕਤ ਸ਼ਬਦਾਂ ਤੋਂ ਉਸ ਦੀ ਪੰਜਾਬ ਪ੍ਰਤੀ ਅਤੁਟ ਸਨੇਹ ਦੀ ਝਲਕ ਝਾਤਮ ਝਾਤ ਕਰਦੀ ਹੌਈ ਸਾਫ ਨਜਰ ਆ ਰਹੀ ਹੈ ।
ਇਸ ਸਾਰੇ ਪਰੋਗਰਾਮ ਨੂੰ ਦੇਖਣ ਉਪਰੰਤ ਇਹ ਗੱਲ ਬਿਲਕੁਲ ਸ਼ਪੱਸ਼ਟ ਰੂਪ ਵਿਚ ਸਾਹਮਣੇ ਆਈ ਕਿ ਦਿਲਜੀਤ ਦੁਸਾਂਝ ਨੇ ਇਸ ਪਰੋਗਰਾਮ ਵਿਚ ਬੇਸ਼ੱਕ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਪੰਜਾਹ ਲੱਖ ਤੋਂ ਵੱਧ ਦੀ ਰਾਸ਼ੀ ਜਿੱਤੀ, ਪਰ ਇਹ ਉਕਤ ਰਾਸ਼ੀ ਜਿੱਤਣਾ ਉਸ ਦਾ ਅਸਲ ਮਨੋਰਥ ਨਹੀ ਸੀ ਕਿਓਂਕਿ ਇਸ ਤੋਂ ਕਿਤੇ ਵੱਧ ਰਾਸ਼ੀ ਤਾਂ ਉਹ ਹੁਣ ਤੱਕ ਪੰਜਾਬ ਦੇ ਹੜ੍ਹਪੀੜਤਾਂ ਦੀ ਮੱਦਦ ਵਾਸਤੇ ਖਰਚ ਕਰ ਚੁੱਕਾ ਹੈ । ਦਰਅਸਲ ਇਸ ਵੰਡੇ ਪਰੋਗਰਾਮ ਵਿਚ ਹਾਜਰ ਹੋ ਕੇ ਉਹ ਅਗਸਤ 2025 ਦੇ ਹੜ੍ਹਾਂ ਤੋਂ ਬਾਅਦ ਪੈਦਾ ਹੋਏ ਪੰਜਾਬ ਦੋ ਅਸਲ ਹਾਲਾਤਾਂ ਦੀ ਤਸਵੀਰ ਇਸ ਚੈਨਲ ਦੇ ਜਰੀਏ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਪੇਸ਼ ਕਰਨੀ ਚਾਹੁੰਦਾ ਸੀ ਤੇ ਉਹ ਆਪਣੇ ਇਸ ਮਿਸ਼ਨ ਵਿਚ ਉਹ ਬਾਖੂਬੀ ਸਫਲ ਵੀ ਰਿਹਾ ਹੈ ।
ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਦਿਲਜੀਤ ਵਰਗੇ ਸਫਲ ਕਲਾਕਾਰ, ਜਿਸ ਦਾ ਹਰ ਪਲ ਇਸ ਸਮੇਂ ਬਹੁਤ ਕੀਮਤੀ ਹੈ, ਉਸ ਨੇ ਸਮਾ ਕੱਢਕੇ ਉਸ ਨੇ ਪੰਜਾਬ ਦੀ ਬੇਹਤਰੀ ਵਾਸਤੇ ਭੇਂਟ ਕੀਤਾ ਜਿਸ ਤੋਂ ਉਸ ਦੇ ਪੰਜਾਬ ਪ੍ਰਤੀ ਅਕਹਿ ਮੋਹ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ।
ਸੋ ਅਸੀਂ ਪੰਜਾਬੀ ਇਹ ਗੱਲ ਬੜੇ ਮਾਣ ਤੇ ਫਖਰ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਸ ਵਕਤ ਉਹ ਪੰਜਾਬੀ ਸ਼ੇਰ ਪੁੱਤਰ ਹੈ, ਜੋ ਪੰਜਾਬੀ ਸੱਭਿਆਚਾਰ ਨੂੰ ਪੂਰੇ ਵਿਸ਼ਵ ਵਿਚ ਫੈਲਾਉਣ ਦੇ ਨਾਲ ਪੰਜਾਬ ਦੇ ਵਿਰਸੇ ਨਾਲ ਜੁੜਕੇ ਸਮੁੱਚੇ ਪੰਜਾਬੀਆਂ ਦੇ ਦੁੱਖਾਂ ਵਿਚ ਸ਼ਰੀਕ ਹੋਣ ਦਾ ਬੱਲ ਵੀ ਬਾਖੂਬੀ ਜਾਣਦਾ ਹੈ । ਵਾਹੇਗੁਰੂ, ਇਸ ਕਲਾਕਾਰ ਨੂੰ ਹੋਰ ਉੱਚੀਆਂ ਬੁਲੰਦੀਆਂ ਸਰ ਕਰਨ ਦੀ ਤੌਫੀਕ ਬਖਸ਼ਣ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋਃ)